ਪਿੰਡ ਚੱਕ ਕੰਨੀਆਂ ਵਿਖੇ ਰੋਜ਼ਗਾਰ/ਸਵੈ-ਰੋਜ਼ਗਾਰ ਕੈਂਪ ਦਾ ਹੋਇਆ ਆਯੋਜਨ
ਮੋਗਾ, 28 ਅਕਤੂਬਰ:(ਜਸ਼ਨ): ਅੱਜ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਲ.ਆਈ.ਸੀ.ਐੱਚ.ਐੱਫ.ਐੱਲ. ਹਰਿਦੇ ਪ੍ਰਾਜੈਕਟ ਦੇ ਤਹਿਤ ਸ਼ਰਮਿਕ ਭਾਰਤੀ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਪਿੰਡ ਚੱਕ ਕੰਨੀਆਂ ਕਲਾਂ (ਧਰਮਕੋਟ) ਵਿਖੇ ਰੋਜ਼ਗਾਰ/ਸਵੈ-ਰੋਜ਼ਗਾਰ ਕੈਂਪ ਲਗਾਇਆ। ਇਸ ਕੈਂਪ ਵਿਚ ਪ੍ਰਾਰਥੀਆਂ ਨੂੰ ਨੌਕਰੀ ਦੇਣ ਲਈ ਐਸ.ਆਈ.ਐਸ. ਸਕਿਉਰਿਟੀ ਅਤੇ ਆਰਤੀ ਇੰਟਰਨੈਸ਼ਨਲ ਕੰਪਨੀ ਵੱਲੋਂ ਹਿੱਸਾ ਲਿਆ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਤੋਂ ਐਕਸਟੇਂਸ਼ਨ ਅਫ਼ਸਰ ਨਿਰਮਲ ਸਿੰਘ, ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਬਖਸ਼ੀਸ ਬਾਂਸਲ, ਲੀਡ ਬੈਂਕ ਤੋਂ ਨਰੇਸ਼ ਕੁਮਾਰ ਮੈਨਰਾਏ, ਆਰਸੇਟੀ ਦੁਨੇਕੇ ਤੋਂ ਡਾਇਰੈਕਟਰ ਗੌਰਵ ਕੁਮਾਰ, ਪਸ਼ੂ ਪਾਲਣ ਵਿਭਾਗ ਤੋਂ ਡਾ. ਰਜਨਦੀਪ ਕੌਰ ਵਲੋਂ ਆਪਣੇ-ਆਪਣੇ ਵਿਭਾਗ ਦੀਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਸਕੀਮਾਂ ਅਤੇ ਵਿਭਾਗੀ ਸਕੀਮਾਂ ਬਾਰੇ ਆਏ ਹੋਏ ਨੌਜਵਾਨ ਲੜਕੇ-ਲੜਕੀਆਂ ਨੂੰ ਜਾਣਕਾਰੀ ਦਿੱਤੀ। ਨਿਰਮਲ ਸਿੰਘ ਉਦਯੋਗ ਵਿਭਾਗ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਪੀ.ਐੱਮ.ਈ.ਜੀ.ਪੀ. ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਵੱਖ ਵੱਖ ਕਿੱਤਿਆਂ ਵਾਸਤੇ ਵੀਹ ਲੱਖ ਰੁਪਏ ਅਤੇ ਇੰਡਸਟਰੀ ਦੇ ਕੰਮ ਲਈ ਪੰਜਾਹ ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰਕੇ ਸਵੈ ਰੋਜ਼ਗਾਰ ਚਲਾਇਆ ਜਾ ਸਕਦਾ ਹੈ। ਕੈਂਪ ਵਿੱਚ ਪਲੇਸਮੈਂਟ ਅਫ਼ਸਰ ਮੋਗਾ ਸ੍ਰੀਮਤੀ ਸੋਨੀਆ ਬਾਜਵਾ ਅਤੇ ਕਰੀਅਰ ਕਾਊਂਸਲਰ ਸ੍ਰ. ਬਲਰਾਜ ਸਿੰਘ ਵੱਲੋਂ ਰੋਜ਼ਗਾਰ ਸਬੰਧੀ ਸਕੀਮਾਂ ਬਾਰੇ ਜਾਗਰੂਕਤਾ ਫੈਲਾਈ ਗਈ। ਇਸ ਤੋਂ ਇਲਾਵਾ ਗੁਰਤਾਰ ਸਿੰਘ ਆਪ ਆਗੂ, ਪਵਨ ਕੁਮਾਰ ਰੇਲੀਆ ਸਰਕਲ ਪ੍ਰਧਾਨ, ਤੇਜਿੰਦਰਪਾਲ ਸਿੰਘ ਜੁਆਇੰਟ ਸੈਕਟਰੀ, ਰਾਜਾ ਨਾਮਦੇਵ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ, ਪ੍ਰੋ ਬਲਵਿੰਦਰ ਸਿੰਘ ਦੌਲਤਪੁਰਾ ਆਦਿ ਵੱਲੋਂ ਵਿਸ਼ੇਸ਼ ਉਪਰਾਲੇ ਕਰਦੇ ਹੋਏ ਪ੍ਰਾਰਥੀਆਂ ਨੂੰ ਕੈਂਪ ਵਿੱਚ ਭੇਜ ਕੇ ਕੈਂਪ ਨੂੰ ਨੇਪਰੇ ਚਾੜ੍ਹਿਆ ਗਿਆ।ਇਸ ਮੌਕੇ ਸ਼ਰਮਿਕ ਭਾਰਤੀ ਦੇ ਪ੍ਰੋਜੈਕਟ ਮੈਨੇਜਰ ਨਵਜੀਤ ਸਿੰਘ ਅਤੇ ਸਟਾਫ ਮੈਂਬਰ ਵੀ ਮੌਜੂਦ ਸਨ।