ਮੋਗਾ ਅਦਾਲਤ ਨੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਭੇਜੇ ਸੰਮਣ, ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਸੀ ਚੀਮਾ ਖਿਲਾਫ਼ ਮਾਣਹਾਨੀ ਦਾ ਕੇਸ

ਮੋਗਾ, 16  ਅਕਤੂਬਰ (ਜਸ਼ਨ):  ਮੋਗਾ ਵਿਖੇ ਜ਼ਮੀਨ ਅਧਿਕਰਨ ਸਬੰਧੀ ਤਤਕਾਲੀਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਖਿਲਾਫ਼ ਸਾਬਕਾ  ਵਿਧਾਇਕ ਡਾ: ਹਰਜੋਤ ਕਮਲ ਸਿੰਘ ਵੱਲੋਂ ਹਰਪਾਲ ਸਿੰਘ ਚੀਮਾ ਖਿਲਾਫ਼ ਦਰਜ ਕਰਵਾਈ ਅਪਰਾਧਿਕ ਸ਼ਿਕਾਇਤ ਅਤੇ ਮਾਣਹਾਨੀ ਦੇ ਕੇਸ ਵਿਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਦੀ ਅਦਾਲਤ ਵਲੋਂ ਇੰਡੀਅਨ ਪੀਨਲ ਕੋਡ ਦੀ ਧਾਰਾਵਾਂ 499 ਅਤੇ 500  ਤਹਿਤ ਹਰਪਾਲ ਸਿੰਘ ਚੀਮਾ ਨੂੰ ਬਤੌਰ ਦੋਸ਼ੀ 15 ਨਵੰਬਰ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਸੰਮਣ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਤਤਕਾਲੀਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਖਜ਼ਾਨਾ ਮੰਤਰੀ ਹਨ। ਡਾ: ਹਰਜੋਤ ਦੇ ਵਕੀਲ ਸ. ਹਰਦੀਪ ਸਿੰਘ ਲੋਧੀ ਨੇ ਦੱਸਿਆ ਕਿ ਜ਼ਮੀਨ ਅਧਿਗ੍ਰਹਿਣ ਮਾਮਲੇ ‘ਚ ਚੀਮਾ ਨੇ ਚੰਡੀਗੜ੍ਹ ਵਿਖੇ 10 ਜੂਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ’ਤੇ 350 ਕਰੋੜ ਦੇ ਘਪਲੇ ਦਾ ਦੋਸ਼ ਲਗਾਇਆ ਸੀ ਜਦਕਿ ਵਿਧਾਇਕ ਡਾ: ਹਰਜੋਤ ਕਮਲ ਨੇ 15 ਜੂਨ ਨੂੰ ਚੀਮਾ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਸੀ । ਸ. ਹਰਦੀਪ ਸਿੰਘ ਲੋਧੀ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਚੀਮਾ ਵੱਲੋਂ ਨਵੀਂ ਨਿਰਮਾਣ ਹੋ ਰਹੀ ਨੈਸ਼ਨਲ ਹਾਈਵੇਅ 105 ਬੀ ਲਈ ਮੋਗਾ ਵਿਖੇ ਜ਼ਮੀਨ ਅਧਿਕਰਨ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਚੀਮਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ  ਮਹਿਜ਼ ਉਹਨਾਂ ਦੀ ਛਵੀ  ਖਰਾਬ ਕਰਨ ਲਈ ਮਨਘੜਤ ਬੇਸਮਝੀ ਵਾਲੀ ਸਾਜਿਸ਼ ਕਰਾਰ ਦਿੰਦਿਆਂ ਮਾਣਹਾਨੀ ਦਾ ਨੋਟਿਸ ਭੇਜਿਆ ਸੀ ਪਰ ਚੀਮਾ ਵੱਲੋਂ ਕੋਈ ਜਵਾਬ ਨਾ ਦਿੱਤੇ ਜਾਣ ਉਪਰੰਤ ਡਾ: ਹਰਜੋਤ ਨੇ ਚੀਮਾ ਖਿਲਾਫ਼ ਅਪਰਾਧਿਕ ਮੁਕੱਦਮਾ ਦਾਇਰ ਕਰ ਦਿੱਤਾ ਸੀ ਤੇ ਇਸੇ ਪਰਿਕਿਰਿਆ ਦੌਰਾਨ  ਵਿਧਾਇਕ ਡਾ: ਹਰਜੋਤ ਕਮਲ ਅਤੇ ਸਾਬਕਾ ਸਰਪੰਚ ਅਜੀਤਵਾਲ ਰਾਕੇਸ਼ ਕੁਮਾਰ ਵੱਲੋਂ ਮੁੱਢਲੀ ਸ਼ਹਾਦਤ ਦੇ ਤੌਰ ’ਤੇ ਪੇਸ਼ ਹੁੰਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼੍ਰੀ ਅਰੁਨ ਸ਼ੋਰੀ ਜੂਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿਚ ਆਪਣੇ ਬਿਆਨ ਕਲਮਬੱਧ ਕਰਵਾਏ ਸਨ  ।
ਜ਼ਿਕਰਯੋਗ ਹੈ ਕਿ 10 ਜੂਨ ਨੂੰ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਨਫਰੰਸ ਕਰਕੇ ਵਿਧਾਇਕ ਡਾ: ਹਰਜੋਤ ਕਮਲ ’ਤੇ ਦੋਸ਼ ਲਗਾਏ ਗਏ ਸਨ ਅਤੇ ਇਸ ਪ੍ਰੈਸ ਕਾਨਫਰੰਸ ਦਾ ਪ੍ਰਸਾਰਨ ਵੱਖ ਵੱਖ ਚੈਨਲਾਂ ਵੱਲੋਂ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਅਖਬਾਰਾਂ ਵਿਚ ਵੀ ਇਸ ਬਾਰੇ ਛਪਿਆ ਸੀ ।