ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਪੋਸਟਰ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤਾ ਲੋਕ ਅਰਪਣ
ਮੋਗਾ, 14 ਅਕਤੂਬਰ(ਜਸ਼ਨ): : ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਜਵਾਨਾਂ ਨੂੰ ਸੱਭਿਆਚਾਰ ਅਤੇ ਸਾਹਿਤਿਕ ਸਰਗਰਮੀਆਂ ਨਾਲ ਜੋੜਨ ਅਤੇ ਉਹਨਾਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਹਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਜ਼ਿਲ੍ਹਾ ਪੱਧਰ ਦਾ ਯੁਵਾ ਉਤਸਵ-ਯੁਵਾ ਸੰਵਾਦ 2047 ਅਕਤੂਬਰ 20 ਨੂੰ ਮੋਗਾ ਦੀ ਸਰਕਾਰੀ ਆਈ ਟੀ ਆਈ ਵਿਖੇ ਕਰਵਾਇਆ ਜਾ ਰਿਹਾ ਹੈ।
ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਸਮਾਗਮ ਦਾ ਪੋਸਟਰ ਲੋਕ ਅਰਪਣ ਕਰਦਿਆਂ ਦੱਸਿਆ ਕਿ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਥੀਮ ਤਹਿਤ ਨੌਜਵਾਨਾਂ ਦੇ ਕਵਿਤਾ, ਚਿੱਤਰਕਾਰੀ, ਫੋਟੋਗਰਾਫ਼ੀ , ਭਾਸ਼ਣ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਵਿਰਾਸਤ ਨਾਲ ਜੋੜਨ ਦੇ ਨਾਲ ਨਾਲ ਉਹਨਾਂ ਅੰਦਰ ਲੁਕੀ ਕਲਾ ਅਤੇ ਸਮਰੱਥਾ ਨੂੰ ਉਜਾਗਰ ਕਰਨ ਦਾ ਸੁਚੇਤ ਯਤਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਮੋਗਾ ਦੇ ਜ਼ਿਲ੍ਹਾ ਯੂਥ ਅਫਸਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਦੀ ਦੇਖ ਰੇਖ ਵਿਚ ਸਮੁੱਚੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹਨਾਂ ਮੁਕਾਬਲਿਆਂ ਦੌਰਾਨ ਭਾਸ਼ਣ ਮੁਕਾਬਲੇ ਦੇ ਪਹਿਲੇ ਤਿੰਨ ਜੇਤੂਆਂ ਨੂੰ ਕ੍ਰਮਵਾਰ 5 ਹਜ਼ਾਰ, 2 ਹਜ਼ਾਰ ਅਤੇ ਇਕ ਹਜ਼ਾਰ ਦੇ ਨਕਦ ਇਨਾਮ ਦਿੱਤੇ ਜਾਣਗੇ ਜਦਕਿ ਚਿੱਤਰਕਾਰੀ,ਕਵਿਤਾ ਅਤੇ ਫੋਟੋਗਰਾਫ਼ੀ ਲਈ ਪਹਿਲਾ ਇਨਾਮ 1 ਹਜ਼ਾਰ ਰੁਪਏ ਦੂਰਾ 750 ਰੁਪਏ ਅਤੇ ਤੀਜਾ ਇਨਾਮ 500 ਰੁਪਏ ਰੱਖਿਆ ਗਿਆ ਹੈ। ਉਹਨਾਂ ਆਖਿਆ ਕਿ ਗਿੱਧੇ ਅਤੇ ਭੰਗੜੇ ਲਈ ਪਹਿਲਾ ਇਨਾਮ 5 ਹਜ਼ਾਰ, ਦੂਜਾ 2500 ਰੁਪਏ ਅਤੇ ਤੀਜਾ 1250 ਰੁਪਏ ਰੱਖਿਆ ਗਿਆ ਹੈ।
ਉਹਨਾਂ ਦੱਸਿਆ ਕਿ ਯੁਵਾ ਸੰਵਾਦ 2047 ਚਾਰ ਬਿਹਤਰ ਬੁਲਾਰਿਆਂ ਨੂੰ 1500-1500 ਰੁਪਏ ਦੇ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਇਸ ਮੌਕੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਪ੍ਰਦੀਪ ਰਾਏ, ਬੂਟਾ ਸਿੰਘ, ਗੁਰਭੇਜ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ: ਸਮਾਗਮ ਦਾ ਪੋਸਟਰ ਲੋਕ ਅਰਪਣ ਕਰਦੇ ਹੋਏ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨਾਲ ਹਨ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਗੁਰਵਿੰਦਰ ਸਿੰਘ ਅਤੇ ਹੋਰ।