ਉਚ ਅਧਿਕਾਰੀਆਂ ਦੇ ਨਾਲ ਗੱਲਬਾਤ ਉਪਰੰਤ ਸੰਘਰਸ਼ ਕਮੇਟੀ ਨੇ ਸਿਹਤ ਸੇਵਾਵਾਂ ਠੱਪ ਕਰਨ ਦਾ ਫੈਸਲਾ ਸੋਮਵਾਰ ਤੱਕ ਟਾਲਿਆ

*ਸੋਮਵਾਰ ਨੂੰ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਕੀਤਾ ਜਾਵੇਗਾ ਐਲਾਨ
ਮੋਗਾ 13 ਅਕਤੂਬਰ ((ਜਸ਼ਨ) : ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਅਤੇ ਐਨ ਐਚ ਐਮ ਇੰਪਲਾਈਜ ਯੂਨੀਅਨ ਮੋਗਾ ਵੱਲੋਂ ਦਫਤਰੀ ਅੱਤਵਾਦ ਦਾ ਸ਼ਿਕਾਰ ਹੋ ਕੇ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਡੀ ਪੀ ਐਮ ਵਿਨੇਸ਼ ਨਾਗਪਾਲ ਨੂੰ ਇਨਸਾਫ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਸੰਘਰਸ਼ ਉਚ ਅਧਿਕਾਰੀਆਂ ਤੋਂ ਮਿਲੇ ਭਰੋਸੇ ਤੋਂ ਬਾਅਦ ਦੋ ਦਿਨ ਲਈ ਸਥਗਿਤ ਕਰ ਦਿੱਤਾ ਗਿਆ ਤੇ ਸੋਮਵਾਰ ਨੂੰ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਅਗਲੀ ਰੂਪ ਰੇਖਾ ਤੈਅ ਕੀਤੀ ਜਾਵੇਗੀ। ਇਸ ਸਬੰਧੀ ਮਿਸ਼ਨ ਡਾਇਰੈਕਟਰ ਐਨ ਐਚ ਐਮ ਅਤੇ ਸਿਹਤ ਮੰਤਰੀ ਪੰਜਾਬ ਨਾਲ ਟੈਲੀਫੋਨ ਤੇ ਹੋਈ ਗੱਲਬਾਤ ਅਤੇ ਸਿਵਲ ਸਰਜਨ ਮੋਗਾ ਨਾਲ ਹੋਈ ਮੀਟਿੰਗ ਬਾਅਦ ਜੱਥੇਬੰਦੀ ਨੇ ਇਸ ਫੈਸਲੇ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਅਤੇ ਐਨ ਐਚ ਐਮ ਇੰਪਲਾਈਜ ਯੂਨੀਅਨ ਮੋਗਾ ਦੇ ਪ੍ਰਧਾਨ ਡਾ ਸਿਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਮਿਸ਼ਨ ਡਾਇਰੈਕਟਰ ਐਨ ਐਚ ਐਮ ਨੇ ਤੱਥਾਂ ਦੀ ਪੜਤਾਲ ਉਪਰੰਤ ਸੋਮਵਾਰ ਤੱਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ। ਸਿਵਲ ਸਰਜਨ ਮੋਗਾ ਨੇ ਜੱਥੇਬੰਦੀ ਨੂੰ ਗੱਲਬਾਤ ਲਈ ਬੁਲਾਇਆ। ਸਿਹਤ ਕਾਮਿਆਂ ਦੇ ਵਫਦ ਨੇ ਸਿਵਲ ਸਰਜਨ ਮੋਗਾ ਵੱਲੋਂ ਡੀ ਪੀ ਐਮ ਵਿਨੇਸ਼ ਨਾਗਪਾਲ ਦੇ ਕੇਸ ਨੂੰ ਹੈਂਡਲ ਕਰਨ ਵਿੱਚ ਵਰਤੀ ਗਈ ਅਣਗਹਿਲੀ, ਉਸਦੇ ਖਿਲਾਫ ਚਲਦੀਆਂ ਇਨਕੁਆਰੀਆਂ ਦਾ ਨਿਪਟਾਰਾ ਕਰਨ, ਪਰਿਵਾਰ ਨੂੰ ਬਣਦੇ ਵਿੱਤੀ ਲਾਭ ਦਿਵਾਉਣ ਅਤੇ ਉਸਦੀ ਪਤਨੀ ਨੂੰ ਨੌਕਰੀ ਦੇਣ ਦੀ ਸਿਫਾਰਿਸ਼ ਕਰਨ, ਮੁਲਾਜ਼ਮਾਂ ਪ੍ਰਤੀ ਵਰਤੀ ਜਾਂਦੀ ਮਾੜੀ ਸ਼ਬਦਾਵਲੀ, ਦਫਤਰੀ ਕੰਮਾਂ ਅਤੇ ਆਮ ਲੋਕਾਂ ਦੀਆਂ ਫਾਈਲਾਂ ਦਾ ਸਮੇਂ ਸਿਰ ਨਿਪਟਾਰਾ ਨਾ ਕਰਨ, ਪੰਜ ਪੰਜ ਮਹੀਨੇ ਤੋਂ ਮੁਲਾਜਮਾਂ ਦੀ ਬੰਦ ਪਈ ਤਨਖਾਹ ਅਤੇ 100% ਮੁਲਾਜ਼ਮਾਂ ਦਾ ਈ ਪੀ ਐਫ ਰਿਕਾਰਡ ਅਪਡੇਟ ਕਰਕੇ ਉਨ੍ਹਾਂ ਦੀਆਂ ਸਟੇਟਮੈਂਟਾਂ ਜਾਰੀ ਕਰਵਾਉਣ ਦੀ ਮੰਗ ਰੱਖੀ। ਇਸਤੇ ਸਿਵਲ ਸਰਜਨ ਨੇ ਡੀ ਪੀ ਐਮ ਵਿਨੇਸ਼ ਨਾਗਪਾਲ ਦੀ ਮੌਤ ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਦੋਸ਼ੀ ਅਕਾਊਂਟ ਅਫਸਰ ਖਿਲਾਫ ਸਖਤ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਲਿਖਣ, ਪਹਿਲ ਦੇ ਆਧਾਰ ਤੇ ਉਨ੍ਹਾਂ ਦਾ ਕੰਟਰੈਕਟ ਰਿਨਿਊ ਕਰਵਾਉਣ ਅਤੇ ਪਰਿਵਾਰ ਨੂੰ ਬਣਦੇ ਲਾਭ ਦਿਵਾਉਣ ਅਤੇ ਦਫਤਰ ਵਿੱਚ ਪੈਂਡਿੰਗ ਪਏ ਸਾਰੇ ਕੰਮਾਂ ਦਾ ਸੋਮਵਾਰ ਤੱਕ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਅਤੇ ਆਪਣੇ ਵਿਵਹਾਰ ਤੇ ਖੇਦ ਦਾ ਪ੍ਰਗਟਾਵਾ ਕਰਦਿਆਂ ਸਾਰੇ ਕਰਮਚਾਰੀਆਂ ਨੂੰ ਅੱਗੇ ਤੋੰ ਕੋਈ ਸਮੱਸਿਆ ਨਾ ਆਉਣ ਦੇਣ ਦਾ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਅਸੀਂ ਸਿਵਲ ਸਰਜਨ ਮੋਗਾ ਨੂੰ ਕਦਾਚਿਤ ਮਾਫ ਨਹੀਂ ਕਰਾਂਗੇ ਬਲਕਿ ਜੇ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਵੀ ਸਜਾ ਦਿਵਾਉਣ ਲਈ ਹਰ ਚਾਰਾਜੋਈ ਕੀਤੀ ਜਾਵੇਗੀ ਪਰ ਤਿਉਹਾਰਾਂ ਦੇ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਸਭ ਨੂੰ ਤਨਖਾਹ ਦਿਵਾਉਣ ਅਤੇ ਪੈਂਡਿੰਗ ਕੰਮਾਂ ਦਾ ਨਿਪਟਾਰਾ ਕਰਵਾਉਣ ਲਈ ਉਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਸੋਮਵਾਰ ਤੱਕ ਸੰਘਰਸ਼ ਨੂੰ ਸਥਗਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਸ਼ੁਕਰਵਾਰ ਨੂੰ ਸਿਹਤ ਸੇਵਾਵਾਂ ਨਹੀਂ ਠੱਪ ਕੀਤੀਆਂ ਜਾਣਗੀਆਂ ਬਲਕਿ ਸੋਮਵਾਰ ਨੂੰ ਮੀਟਿੰਗ ਕਰਕੇ ਇਸ ਬਾਰੇ ਫੈਸਲਾ ਕੀਤਾ ਜਾਵੇਗਾ। ਇਸ ਵਫਦ ਵਿੱਚ ਉਕਤ ਤੋਂ ਇਲਾਵਾ ਡਾ ਇੰਦਰਵੀਰ ਸਿੰਘ, ਡਾ ਗਗਨਦੀਪ ਸਿੰਘ, ਡਾ ਗੌਰਵ ਸੋਢੀ, ਡਾ ਸੰਜੇ ਪਵਾਰ, ਡਾ ਸੁਰਿੰਦਰ ਸਿੰਘ, ਰਾਜ ਕੁਮਾਰ ਢੁੱਡੀਕੇ, ਮਹਿੰਦਰ ਪਾਲ ਲੂੰਬਾ, ਜੋਗਿੰਦਰ ਸਿੰਘ ਮਾਹਲਾ, ਪਰਮਿੰਦਰ ਸਿੰਘ ਸੱਭਰਵਾਲ, ਕਮਲਜੀਤ ਕੌਰ, ਸੁਮਿਤ ਬਜਾਜ, ਬਲਜੀਤ ਸਿੰਘ, ਅਮ੍ਰਿਤ ਸ਼ਰਮਾ, ਜਸਵਿੰਦਰ ਕੌਰ ਭਾਰਦਵਾਜ, ਗੁਰਜਿੰਦਰ ਸਿੰਘ, ਪਰਮਿੰਦਰ ਬੱਡੂਵਾਲ ਅਤੇ ਜਸਵਿੰਦਰ ਸਿੰਘ ਮਟਵਾਣੀ ਹਾਜਰ ਸਨ।


