ਨੌਜਵਾਨਾਂ ਨੂੰ ਫਰਿਸ਼ਤੇ ਬਣ ਕੇ ਲੋੜਵੰਦਾਂ ਨੂੰ ਜਿੰਦਗੀਆਂ ਵੰਡਣ ਲਈ ਅੱਗੇ ਆਉਣਾ ਚਾਹੀਦਾ ਹੈ - ਡਾ ਐਸ ਪੀ ਸਿੰਘ

ਮੋਗਾ 3 ਅਕਤੂਬਰ (ਜਸ਼ਨ) :ਖੂਨ ਦਾ ਬਜਾਰ ਵਿੱਚ ਕੋਈ ਵੀ ਬਦਲ ਮੌਜੂਦ ਨਹੀਂ ਤੇ ਇਸ ਦੀ ਲੋੜ ਦੀ ਪੂਰਤੀ ਸਿਰਫ ਮਨੁੱਖ ਦੁਆਰਾ ਹੀ ਕੀਤੀ ਜਾ ਸਕਦੀ ਹੈ। ਇਸ ਲਈ 18 ਤੋਂ 65 ਸਾਲ ਉਮਰ ਦੇ ਹਰ ਤੰਦਰੁਸਤ ਵਿਅਕਤੀ ਨੂੰ, ਜਿਸਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉੰਦੀ ਬਲਕਿ ਖੂਨਦਾਨ ਕਰਨ ਨਾਲ ਸਰੀਰ ਚੁਸਤ, ਦਰੁਸਤ ਅਤੇ ਤੰਦਰੁਸਤ ਰਹਿੰਦਾ ਹੈ ਤੇ ਹਰ ਤਿੰਨ ਮਹੀਨੇ ਬਾਅਦ ਸਾਡੇ 6 ਖਤਰਨਾਕ ਬਿਮਾਰੀਆਂ ਦੇ ਟੈਸਟ ਮੁਫਤ ਹੋ ਜਾਂਦੇ ਹਨ। ਇਸ ਉਮਰ ਵਰਗ ਦੇ ਲੋਕਾਂ ਨੂੰ ਆਪਣੇ ਆਪ ਨੂੰ ਵਡਭਾਗੇ ਸਮਝਣਾ ਚਾਹੀਦਾ ਹੈ ਕਿਉਂਕਿ ਉਹ ਹੋਰਾਂ ਨੂੰ ਜਿੰਦਗੀ ਦੇਣ ਦੇ ਕਾਬਲ ਹੁੰਦੇ ਹਨ। ਇਸ ਲਈ ਇਸ ਉਮਰ ਵਰਗ ਦੇ ਲੋਕਾਂ ਨੂੰ ਫਰਿਸ਼ਤੇ ਬਣ ਕੇ ਜਿੰਦਗੀਆਂ ਵੰਡਣ ਲਈ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ ਸਤਿੰਦਰ ਪਾਲ  ਸਿੰਘ ਜੀ ਨੇ ਅੱਜ ਦਫਤਰ ਸਿਵਲ ਸਰਜਨ ਮੋਗਾ ਵਿਖੇ ਮੋਗਾ ਜਿਲ੍ਹੇ ਦੀਆਂ ਤਿੰਨ ਖੂਨਦਾਨੀ ਸੰਸਥਾਵਾਂ ਨੂੰ ਅਤੇ ਇੱਕ ਨਿੱਜੀ ਸਟੇਟ ਐਵਾਰਡ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਜਿਲਾ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਅਹੁਦੇਦਾਰਾਂ ਅਤੇ ਸਿਹਤ ਵਿਭਾਗ ਮੋਗਾ ਦੀ ਮੁਲਾਜ਼ਮ ਸੀ ਐਚ ਓ ਰਾਜਪਾਲ ਕੌਰ ਨੂੰ ਆਪਣੇ ਕਰ ਕਮਲਾਂ ਨਾਲ ਸਟੇਟ ਐਵਾਰਡ ਭੇਂਟ ਕੀਤਾ। ਇਸ ਮੌਕੇ ਜਿਲਾ ਬਲੱਡ ਟਰਾਂਸਫਿਊਜ਼ਨ ਅਫਸਰ ਡਾ ਸੁਮੀ ਗੁਪਤਾ ਨੇ ਵੀ ਸਟੇਟ ਐਵਾਰਡ ਹਾਸਲ ਕਰਨ ਵਾਲੀਆਂ ਸੰਸਥਾਵਾਂ ਅਤੇ ਰਾਜਪਾਲ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਰੋਨਾ ਕਾਰਨ ਦੋ ਸਾਲ ਸੂਬਾ ਪੱਧਰੀ ਸਨਮਾਨ ਸਮਾਰੋਹ ਨਹੀਂ ਹੋ ਸਕਿਆ ਸੀ ਤੇ ਇਸ ਵਾਰ ਹਰਪਾਲ ਟਿਵਾਣਾ ਕਲਾ ਕੇਂਦਰ ਪਟਿਆਲਾ ਵਿਖੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜੀ ਦੀ ਪ੍ਰਧਾਨਗੀ ਹੇਠ ਹੋਏ ਸਨਮਾਨ ਸਮਾਰੋਹ ਵਿੱਚ ਮੋਗਾ ਜਿਲ੍ਹੇ ਦੀਆਂ ਤਿੰਨ ਸੰਸਥਾਵਾਂ, ਜਿਨ੍ਹਾਂ ਵਿੱਚ ਰੂਰਲ ਐੱਨ ਜੀ ਓ ਮੋਗਾ ਤੋਂ ਇਲਾਵਾ ਬਲੱਡ ਸੇਵਾ ਸੁਸਾਇਟੀ ਮੋਗਾ ਅਤੇ ਸਿਟੀ ਬਲੱਡ ਹੈਲਪ ਮੋਗਾ ਨੂੰ ਸਟੇਟ ਐਵਾਰਡ ਮਿਲਿਆ ਹੈ ਅਤੇ 18 ਵਾਰ ਖੂਨਦਾਨ ਕਰਨ ਵਾਲੀ ਸੀ ਐਚ ਓ ਰਾਜਪਾਲ ਕੌਰ ਨੂੰ ਨਿੱਜੀ ਵਰਗ ਵਿੱਚ ਸਟੇਟ ਐਵਾਰਡ ਹਾਸਲ ਹੋਇਆ ਹੈ। ਉਨ੍ਹਾਂ ਖੂਨਦਾਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸਮੂਹ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਸਾਰੀਆਂ ਸੰਸਥਾਵਾਂ ਹੀ ਸਨਮਾਨ ਯੋਗ ਹਨ, ਜੋ ਇਸ ਮਹਾਂਦਾਨ ਵਿੱਚ ਹਿੱਸਾ ਪਾ ਰਹੀਆਂ ਹਨ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਿਵਲ ਸਰਜਨ ਮੋਗਾ ਦੀ ਯੋਗ ਅਗਵਾਈ ਵਿਚ ਬਲੱਡ ਬੈਂਕ ਮੋਗਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਅਤੇ ਖੂਨਦਾਨੀਆਂ ਨੂੰ ਸਨਮਾਨ ਦਿੰਦਾ ਹੈ। ਉਨ੍ਹਾਂ ਬਲੱਡ ਬੈਂਕ ਮੋਗਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵੀ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਤੋਂ ਬਲੱਡ ਬੈਂਕ ਮੋਗਾ ਦੀ ਇਮਾਰਤ ਦਾ ਨਵੀਨੀਕਰਨ ਕਰਨ ਅਤੇ ਡੇਂਗੂ ਮਰੀਜ਼ਾਂ ਦੀ ਪਲੇਟਲੈਟਸ ਸੈਲਾਂ ਦੀ ਲੋੜ ਨੂੰ ਪੂਰਾ ਕਰਨ ਲਈ ਬਲੱਡ ਬੈਂਕ ਮੋਗਾ ਲਈ ਏਫਰੇਸਿਸ ਮਸ਼ੀਨ ਦੇਣ ਦੀ ਮੰਗ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਡਾ ਇੰਦਰਵੀਰ ਸਿੰਘ ਐਸ ਐਮ ਓ ਡਰੋਲੀ ਭਾਈ, ਡਾ ਰੀਤੂ ਜੈਨ, ਸਟੀਫਨ ਸਿੱਧੂ, ਐਨ ਜੀ ਓ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਸਰਪ੍ਰਸਤ ਗੁਰਸੇਵਕ ਸੰਨਿਆਸੀ, ਮੁੱਖ ਸਲਾਹਕਾਰ ਹਰਜਿੰਦਰ ਚੁਗਾਵਾਂ, ਪ੍ਰੈਸ ਸਕੱਤਰ ਭਵਨਦੀਪ ਪੁਰਬਾ, ਸਿਟੀ ਐਨ ਜੀ ਓ ਪ੍ਰਧਾਨ ਸੁਖਦੇਵ ਸਿੰਘ ਬਰਾੜ, ਬਲਾਕ ਕੋਟ ਈਸੇ ਖਾਂ ਦੇ ਪ੍ਰਧਾਨ ਜਗਤਾਰ ਜਾਨੀਆਂ, ਧਰਮਕੋਟ ਦੇ ਪ੍ਰਧਾਨ ਜਸਵਿੰਦਰ ਸਿੰਘ ਰੱਖੜਾ, ਮੋਗਾ ਇੱਕ ਦੇ ਪ੍ਰਧਾਨ ਕੁਲਵਿੰਦਰ ਸਿੰਘ ਰਾਮੂਵਾਲਾ, ਜਗਜੀਤ ਸਿੰਘ ਕਾਲੇਕੇ, ਸੁਰਿੰਦਰ ਦੌਲਤਪੁਰਾ, ਸਾਬਕਾ ਐਮ ਪੀ ਕੇਵਲ ਸਿੰਘ, ਸੁਖ ਗਿੱਲ, ਜਸਵੀਰ ਸਿੰਘ ਅਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।