ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ ਨੇ ਨਵੀਂ ਦਾਣਾ ਮੰਡੀ ਮੋਗਾ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ, ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਦਰੁਸਤ ਕਰਨ ਦੀ ਹਦਾਇਤ

ਮੋਗਾ, 1 ਅਕਤੂਬਰ (ਜਸ਼ਨ ) - ਜ਼ਿਲ੍ਹਾ ਮੋਗਾ ਵਿੱਚ ਅੱਜ ਤੋਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖਰੀਦ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਤੌਰ ਉੱਤੇ ਨਵੀਂ ਦਾਣਾ ਮੰਡੀ ਮੋਗਾ ਦਾ ਦੌਰਾ ਕੀਤਾ।

ਇਸ ਮੌਕੇ ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਾਵੇਂਕਿ ਮੋਗਾ ਵਿੱਚ ਖਰੀਦ ਲਈ ਹਲੇ ਸਮਾਂ ਲੱਗੇਗਾ ਪਰ ਫਿਰ ਵੀ ਸਫ਼ਾਈ ਅਤੇ ਹੋਰ ਪ੍ਰਬੰਧ ਤੁਰੰਤ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਉਹਨਾਂ ਨੇ ਸਫਾਈ, ਪਖ਼ਾਨੇ, ਸਾਫ਼ ਪਾਣੀ, ਛਾਂ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਵਿੱਚ ਸੁਧਾਰ ਲਿਆਉਣ ਦੀ ਹਦਾਇਤ ਕੀਤੀ।
ਉਹਨਾਂ ਦੱਸਿਆ ਕਿ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ। ਖਰੀਫ਼ ਸੀਜ਼ਨ 2022-23 ਦੌਰਾਨ ਝੋਨੇ ਦੀ ਕੁਲ 12,83,166 ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਸਾਫ਼ ਫਸਲ ਲਿਆਉਣ ਤਾਂ ਜੌ ਉਹਨਾਂ ਨੂੰ ਨਮੀ ਘਟਣ ਤੱਕ ਮੰਡੀਆਂ ਵਿਚ ਰੁਕਣਾ ਨਾ ਪਵੇ।
ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਖਰੀਦ ਲਈ ਕੁੱਲ 108 ਖਰੀਦ ਕੇਂਦਰ ਸਥਾਪਿਤ  ਕੀਤੇ ਗਏ ਹਨ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਗੀਤਾ ਬਿਸ਼ੰਬੂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਵੀ ਹਾਜ਼ਰ ਸਨ।