ਇੰਮਪਰੂਵਮੈਂਟ ਦੇ ਚੇਅਰਮੈਨ ਦੀਪਕ ਅਰੋੜਾ ਦੀ ਅਗਵਾਈ 'ਚ ਮੋਗਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਮੋਗਾ, 28 ਸਤੰਬਰ(ਜਸ਼ਨ):ਦੇਸ਼ ਭਰ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਵੀ ਵੱਖ ਵੱਖ ਥਾਵਾਂ ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਜਾ ਰਿਹਾ ਹੈ |ਇਸ ਦੇ ਚੱਲਦਿਆਂ ਮੋਗਾ ਦੇ ਸਿਟੀ ਪਾਰਕ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਵੀ ਅੱਜ ਉਨ੍ਹਾਂ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਇਮਪਰੋਵਮੈਂਟ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਸ਼ਹੀਦ ਭਗਤ ਸਿੰਘ ਜੀ ਦੇ ਦੱਸੇ ਹੋਏ ਮਾਰਗ ਦਰਸ਼ਨ ਤੇ ਚੱਲਣ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਖਟਕੜ ਕਲਾਂ ਵਿਖੇ ਚੁੱਕੀ ਸੀ ਅਤੇ ਪੰਜਾਬ ਸਰਕਾਰ ਇਨ੍ਹਾਂ ਸ਼ਹੀਦਾਂ ਤੇ ਹਮੇਸ਼ਾਂ ਮਾਣ ਅਤੇ ਫ਼ਖ਼ਰ ਮਹਿਸੂਸ ਕਰੇਗੀ।ਮੀਡੀਆ ਇੰਚਾਰਜ ਅਮਨ ਰਖਰਾ ਨੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਜਨਮ ਦਿਹਾੜੇ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਲੜੀ ਗਈ ਲੰਬੀ ਲੜਾਈ ਸ਼ਹੀਦ ਭਗਤ ਸਿੰਘ ਦੇ ਜ਼ਿਕਰ ਬਿਨਾਂ ਅਧੂਰੀ ਹੈ। ਜਦੋਂ ਵੀ ਕਿਤੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ ਦਾ ਨਾਮ ਆਉਂਦਾ ਹੈ ,ਜਿਸ ਨੂੰ ਬਚਪਨ ਤੋਂ ਹੀ ਆਜ਼ਾਦੀ ਦੀ ਲੜਾਈ ਲੜਨ ਦਾ ਚਾਹ ਦਿਲ ਵਿੱਚ ਉੱਠ ਪਿਆ ਸੀ। ਭਾਰਤ ਦਾ ਇਤਿਹਾਸ ਸੂਰਬੀਰਾਂ, ਯੋਧਿਆਂ ਤੇ ਬਹਾਦਰਾਂ ਦੀ ਕੁਰਬਾਨੀ ਨਾਲ ਭਰਿਆ ਪਿਆ ਹੈ। ਇਹ ਵੀਰ ਯੋਧੇ ਇਸ ਦੇਸ਼ ਦੀ ਸ਼ਾਨ ਹਨ, ਲੋਕ-ਦਿਲਾਂ ‘ਤੇ ਰਾਜ ਕਰਨ ਵਾਲੇ ਨਾਇਕ ਹਨ।ਇਸ ਸਮੇਂ ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਕੌਂਸਲਰ ਬਲਜੀਤ ਸਿੰਘ ਚਾਨੀ, ਜਗਸੀਰ ਹੁੰਦਲ, ਇੰਦਰਜੀਤ ਗਿੱਲ, ਨਵਦੀਪ ਵਾਲੀਆ, ਦੀਪ ਦਾਰਾਪੁਰ ਅਤੇ ਹੋਰ ਆਪ ਆਗੂ ਮਜ਼ੂਦ ਸਨ।