ਮਿਸਜ਼ ਇੰਟਰਨੈਸ਼ਨਲ ਅਰਥ ਲਈ ਚੁਣੀ ਗਈ ਪ੍ਰੋ. ਕੁਲਵੰਤ ਨੂੰ ਡਾ. ਰਾਜਿੰਦਰ ਕਮਲ ਨੇ ਕੀਤਾ ਸਨਮਾਨਿਤ

ਮੋਗਾ, 28 ਸਤੰਬਰ (ਜਸ਼ਨ):ਮਿਸਜ਼ ਇੰਟਰਨੈਸ਼ਨਲ ਅਰਥ ਲਈ ਚੁਣੀ ਗਈ ਪ੍ਰੋਫੈਸਰ ਕੁਲਵੰਤ ਕੌਰ ਮੋਗਾ ਨੂੰ ਸਨਮਾਨਿਤ ਕਰਦਿਆਂ ਪਰਿਵਾਰ ਪ੍ਰਬੋਧਨ ਦੀ ਸੂਬਾ ਕਾਰਜਕਾਰਨੀ ਮੈਂਬਰ ਅਤੇ  ਉੱਘੀ ਸਮਾਜ ਸੇਵਿਕਾ ਡਾ. ਰਾਜਿੰਦਰ ਕਮਲ ਨੇ ਆਖਿਆ ਕਿ ਮਹਿਲਾਵਾਂ ਹੁਣ ਪੂਰੇ ਵਿਸ਼ਵ ਵਿਚ ਆਪਣੀ ਸਮਰੱਥਾ ਦਾ ਲੋਹਾ ਮਨਵਾ ਰਹੀਆਂ ਨੇ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਨਵੀਆਂ ਬੁਲੰਦੀਆਂ ਛੂਹਣ ਸਦਕਾ ਉਹਨਾਂ ਸਿੱਧ ਕਰ ਵਿਖਾਇਆ ਹੈ ਕਿ ਸ਼ਕਤੀ ਦਾ ਨਾਮ ਹੀ ਨਾਰੀ ਹੈ ।ਉਹਨਾਂ ਆਖਿਆ ਕਿ ਪ੍ਰੋਫੈਸਰ ਕੁਲਵੰਤ ਕੌਰ ਨੇ ਦਿੱਲੀ ਵਿਖੇ ਹੋਏ 'ਮਿਸਜ਼ 2022 '  ਮੁਕਾਬਲੇ ਦੌਰਾਨ ਪਹਿਲੇ ਪੰਜ ਸਥਾਨਾਂ ਵਿਚ ਜਗ੍ਹਾ ਬਣਾਉਣ ਦੇ ਨਾਲ ਨਾਲ 'ਮੋਸਟ ਪਾਪੂਲਰ'  ਦਾ ਵਕਾਰੀ ਇਨਾਮ ਜਿੱਤ ਕੇ ਮੋਗਾ ਨੂੰ ਮਾਣ ਦਿਵਾਇਆ ਹੈ। ਡਾ. ਰਾਜਿੰਦਰ ਕਮਲ ਨੇ ਆਖਿਆ ਕਿ ਸੰਗੀਤ ਵਰਗੇ ਸੂਖਮ ਵਿਸ਼ੇ ਦੀ ਮਾਹਰ ਪ੍ਰੋਫੈਸਰ ਕੁਲਵੰਤ ਕੌਰ ਵਲੋਂ ਸਮੁੱਚੇ ਦੇਸ਼ ਵਿਚੋਂ ਆਏ ਸੱਤ ਹਜ਼ਾਰ ਪ੍ਰਤੀਯੋਗੀਆਂ ਵਿਚੋਂ ਇਹ ਸਥਾਨ ਹਾਸਿਲ ਕਰਨਾ ਮਾਣ ਵਾਲੀ ਗੱਲ ਹੈ।ਇਸ ਮੌਕੇ ਪ੍ਰੋਫੈਸਰ ਵਰਿੰਦਰ ,ਪ੍ਰਿੰਸੀਪਲ ਸੁਮਨ ਮਲਹੋਤਰਾ ,ਗਗਨ ਅਤੇ ਭੁਪਿੰਦਰ ਕੌਰ ਆਦਿ ਨੇ ਵੀ ਪ੍ਰੋਫੈਸਰ ਕੁਲਵੰਤ ਕੌਰ ਨੂੰ ਸਨਮਾਨਿਤ ਕੀਤਾ।