ਟਰਾਂਸਪੋਟਰਾਂ ਵੱਲੋਂ ਮਾਲ ਦੀ ਢੋਆ ਢੁਆਈ ਮੌਕੇ ਕਰੋੜਾਂ ਰੁਪਏ ਦਾ ਕਰ ਚੋਰੀ ਕਰਨ ਦਾ ਪਰਦਾ ਫਾਸ਼,ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਲੜਕਾ, ਤਿੰਨ ਡਰਾਈਵਰ ਤੇ ਏਜੰਟ ਗ੍ਰਿਫਤਾਰ,ਵਿਜੀਲੈਂਸ ਬਿਉਰੋ ਦੀ ਵੱਡੀ ਕਾਰਵਾਈ

Tags: 
ਚੰਡੀਗੜ੍ਹ 24 ਸਤੰਬਰ (ਜਸ਼ਨ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੀਤੀ ਰਾਤ ਗੁਆਂਢੀ ਸੂਬੇ ਹਰਿਆਣਾ ਅਤੇ ਦਿੱਲੀ ਦੇ ਰਸਤੇ ਪੰਜਾਬ ਵਿਚ ਟਰਾਂਸਪੋਰਟ ਕੰਪਨੀਆਂ ਵੱਲੋਂ ਬਿਨਾਂ ਟੈਕਸ ਅਤੇ ਬਿੱਲਾਂ ਤੋਂ ਵਪਾਰਕ ਸਾਮਾਨ ਲਿਆਉਣ ਸਬੰਧੀ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਅਤੇ ਆਪਸੀ ਮਿਲੀਭੁਗਤ ਕਾਰਨ ਲੰਮੇ ਅਰਸੇ ਤੋਂ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਚੱਲ ਰਹੇ ਵੱਡੇ ਘਪਲੇ ਦਾ ਪਰਦਾ ਫਾਸ਼ ਕੀਤਾ ਹੈ। ਇਸ ਸਬੰਧੀ ਦਿੱਲੀ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ, ਉਸਦਾ ਲੜਕਾ, ਤਿੰਨ ਡਰਾਈਵਰਾਂ ਤੇ ਇੱਕ ਪਾਸਰ (ਏਜੰਟ) ਸਮੇਤ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਲੜਕਾ, ਤਿੰਨ ਡਰਾਈਵਰ ਅਤੇ ਇੱਕ ਪਾਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 
  ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੇ ਬਠਿੰਡਾ ਯੂਨਿਟ ਵੱਲੋਂ ਪੁਖ਼ਤਾ ਜਾਣਕਾਰੀ ਦੇ ਆਧਾਰ ਉੱਤੇ ਟੀਮਾਂ ਬਣਾ ਕੇ ਬਠਿੰਡਾ ਵਿਖੇ ਮਾਲ ਢੋਣ ਵਾਲੀਆਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਪਤਾ ਲੱਗਾ ਕਿ ਤਿੰਨ ਗੱਡੀਆਂ ਵਿਚ ਲੱਦੇ ਹੋਏ ਸਾਮਾਨ ਵਿੱਚੋਂ ਕੁੱਝ ਸਮਾਨ ਬਿਲਟੀਆਂ ਅਤੇ ਬਿਲਾਂ ਤੋਂ ਬਗੈਰ ਹੀ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਸੀ। ਮੌਕੇ ਉਤੇ ਕੀਤੀ ਮੁੱਢਲੀ ਜਾਂਚ ਉਪਰੰਤ ਇਸ ਘਪਲੇਬਾਜ਼ੀ ਅਤੇ ਮਿਲੀਭੁਗਤ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਅਤੇ ਆਈ. ਪੀ. ਸੀ. ਦੀ ਧਾਰਾ 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ।
 
ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਇਸ ਕੇਸ ਵਿਚ ਉੱਕਤ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਪੁੱਤਰ ਮਨਦੀਪ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ, ਡਰਾਈਵਰ ਸੰਜੇ ਕੁਮਾਰ ਵਾਸੀ ਪਿੰਡ ਕਾਵੇਲੀ ਜ਼ਿਲ੍ਹਾ ਜੌਨਪੁਰ ਉੱਤਰ ਪ੍ਰਦੇਸ਼, ਡਰਾਈਵਰ ਗੁਰਦਾਸ ਸਿੰਘ ਪਿੰਡ ਬਲਾਹੜ ਵਿੰਝੂ ਜ਼ਿਲ੍ਹਾ ਬਠਿੰਡਾ, ਡਰਾਈਵਰ ਜਗਸੀਰ ਸਿੰਘ ਵਾਸੀ ਪਿੰਡ ਸਿਕੰਦਰਪੁਰ ਥੇੜ ਜ਼ਿਲ੍ਹਾ ਸਿਰਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਉਕਤ ਕੰਪਨੀ ਦਾ ਮਾਲਕ ਜਗਸੀਰ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਹੋਰ ਵੱਡੇ ਖੁਲਾਸੇ ਹੋਣਗੇ। ਮੁਕੱਦਮੇ ਦੀ ਤਫਤੀਸ਼ ਦੌਰਾਨ ਮਹਿਕਮੇ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰ ਦਾ ਕਰ ਚੋਰੀ ਕਰਨ, ਧੋਖਾਧੜੀ ਤੇ ਮਿਲੀਭੁਗਤ ਨਾਲ ਰਿਸ਼ਵਤਾਂ ਹਾਸਲ ਕਰਨ ਸਬੰਧੀ ਵੀ ਹੋਰ ਤਫਤੀਸ਼ ਜਾਰੀ ਹੈ।