ਕੈਪਟਨ ਅਮਰਿੰਦਰ ਸਿੰਘ ਦੇ, ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ’ਤੇ ਭਾਜਪਾ ਪੰਜਾਬ ਵਿਚ ਨਵੇਂ ਯੁੱਗ ਦੀ ਕਰੇਗੀ ਸ਼ਰੂਆਤ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ

* ਸਾਬਕਾ ਸੰਸਦ ਮੈਂਬਰ ਕੇਵਲ ਸਿੰਘ ਲੰਢੇਕੇ ਦੇ ਵੀ ਕੈਪਟਨ ਸਾਬ੍ਹ ਨਾਲ ਭਾਜਪਾ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ  
ਮੋਗਾ , 21 ਸਤੰਬਰ (ਜਸ਼ਨ) :‘ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਨਾਲ ਭਾਜਪਾ ਪੰਜਾਬ ਵਿਚ ਮਜਬੂਤੀ ਨਾਲ ਕਦਮ ਰੱਖੇਗੀ, ਕਿੳਂੁਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਵੀ ਪੰਜਾਬ ਦੀ ਸੱਤਾ ਦੀ ਕਮਾਨ ਸੰਭਾਲੀ ਉਦੋਂ ਉਦੋਂ ਕੈਪਟਨ ਸਾਬ੍ਹ ਦੀ ਪ੍ਰਸ਼ਾਸਨਿਕ ਕਾਬਲੀਅਤ ਸਦਕਾ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰਾਂ ਸਥਿਰ ਰਹਿਣ ਕਰਕੇ ਸੂਬੇ ਵਿਚ ਭਾਈਚਾਰਕ ਸਾਂਝ ਨੂੰ ਨਵੇਂ ਆਯਾਮ ਮਿਲੇ’| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ| ਡਾ: ਹਰਜੋਤ ਕਮਲ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਵਿਦੇਸ਼ੀ ਤਾਕਤਾਂ ਨੇ ਪੰਜਾਬ ਦੇ ਅਮਨ ਕਾਨੂੰਨ ਨੂੰ ਤਹਿਸ ਨਹਿਸ ਕਰਨ ਦੇ ਮਨਸੂਬੇ ਸਿਰਜੇ ਤੇ ਖਾਸਕਰ ਇੰਟੈਲੀਜੈਂਸ ਵਿੰਗ ਦੇ ਦਫਤਰ ’ਤੇ ਹਮਲਾ ਕਰਨਾ ਅਮਨ ਕਾਨੂੰਨ ਦੀ ਹਾਲਤ ਦੇ ਅਸਥਿਰਤਾ ਨੂੰ ਦਰਸਾਉਂਦਾ ਸੀ ਤੇ ਅਜਿਹੇ ਹਾਲਾਤ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਆਮਦ ਬੇਹੱਦ ਜ਼ਰੂਰੀ ਹੋ ਗਈ ਸੀ | ਉਹਨਾਂ ਆਖਿਆ ਕਿ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਭਾਜਪਾ ਨੂੰ ਹਿੰਦੂ ਭਾਈਚਾਰੇ ਨਾਲ ਸਬੰਧਤ ਪਾਰਟੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਦਕਿ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਹਨਾਂ ਵੱਲੋਂ ਲਏ ਗਏ ਫੈਸਲੇ ਸਪੱਸ਼ਟ ਦਰਸਾਉਂਦੇ ਹਨ ਕਿ ਭਾਜਪਾ ਧਰਮ ਨਿਰਪੱਖ ਪਾਰਟੀ ਹੈ ਅਤੇ ਸਿੱਖਾਂ ਲਈ ਪਾਰਟੀ ਵਿਚ ਬੇਹੱਦ ਸਤਿਕਾਰ ਪਾਇਆ ਜਾਂਦਾ ਹੈ| ਡਾ: ਹਰਜੋਤ ਕਮਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਪਹਿਲ ’ਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ, ਸਿੱਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਨਾ, ਅਤੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਣਾ ਸਿੱਧ ਕਰਦਾ ਹੈ ਕਿ ਭਾਜਪਾ ਸਿੱਖਾਂ ਲਈ ਵੀ ਆਪਣੇ ਦਿਲ ਵਿਚ ਪਿਆਰ ਅਤੇ ਸਤਿਕਾਰ ਰੱਖਦੀ ਹੈ|

ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪਹਿਲ ’ਤੇ ਸਿੱਖ ਗੁਰੂ ਸਾਹਿਬਾਨਾਂ ਦੇ ਪਰਵਾਂ ਨੂੰ ਵੱਡੇ ਪੱਧਰ ’ਤੇ ਮਨਾਉਂਦਿਆਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਵ ਅਤੇ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਵ ਨੂੰ ਮਨਾਉਣ ਲਈ ਦਿੱਲੀ ਦੇ ਲਾਲ ਕਿਲ੍ਹੇ ’ਤੇ ਸੈਕੜੇ ਕੇਸਰੀ ਝੰਡੇ ਲਗਾ ਕੇ 400 ਕੀਰਤਨੀ ਜਥਿਆਂ ਵੱਲੋਂ ਕੀਰਤਨ ਦਰਬਾਰ ਕਰਵਾਉਂਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਖੁਦ ਸਮਾਗਮ ਵਿਚ ਹਾਜ਼ਰ ਹੋ ਕੇ ਪੰਜਾਬੀਆਂ ਖਾਸਕਰ ਸਿੱਖਾਂ ਦਾ ਦਿੱਲ ਜਿੱਤਿਆ|  
ਡਾ: ਹਰਜੋਤ ਕਮਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਪੰਜਾਬ ਵਿਚ ਭਾਜਪਾ ਦੀ ਮਜਬੂਤੀ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਅੱਜ ਉਹਨਾਂ ਨੂੰ ਸੈਕੜੇ ਫੋਨ ਵਧਾਈ ਦੇ ਆਏ ਕਿਉਂਕਿ ਸ਼ਹਿਰਾਂ ਅਤੇ ਪਿੰਡਾਂ ਦੇ ਇਲਾਕਿਆਂ ਵਿਚ ਲੋਕ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਆਰ ਕਰਦੇ ਨੇ ਤੇ ਹੁਣ ਉਹਨਾਂ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਉਹ ਪੰਜਾਬ ਦੇ ਭਵਿੱਖ ਲਈ ਨਵੀਂ ਆਸ ਦੀ ਕਿਰਨ ਵਜੋਂ ਦੇਖਦੇ ਹਨ|
ਡਾ: ਹਰਜੋਤ ਨੇ ਆਖਿਆ ਕਿ ਮੋਗਾ ਤੋਂ ਹੀ ਸਾਬਕਾ ਸੰਸਦ ਮੈਂਬਰ ਕੇਵਲ ਸਿੰਘ ਲੰਢੇਕੇ ਵੀ ਕੈਪਟਨ ਸਾਬ੍ਹ ਨਾਲ ਭਾਜਪਾ ਵਿਚ ਸ਼ਾਮਲ ਹੋਣ ’ਤੇ ਉਹ ਸਵਾਗਤ ਕਰਦੇ ਹਨ ਕਿਉਂਕਿ ਸਾਬਕਾ ਐੱਮ ਪੀ ਕੇਵਲ ਸਿੰਘ ਐੱਫ ਸੀ ਆਈ ਦੇ ਕਾਮਿਆਂ ਵਿਚ ਤਕੜਾ ਜਨਤਕ ਆਧਾਰ ਰੱਖਦੇ ਨੇ ਇਸ ਕਰਕੇ ਉਹਨਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਸਮੁੱਚੇ ਪੰਜਾਬ ਦੇ ਦਲਿਤ ਵਰਗ ਅਤੇ ਲੇਬਰ ਯੂਨੀਅਨਾਂ ਦੇ ਭਾਜਪਾ ਨਾਲ ਜੁੜਨ ਸਦਕਾ ਮਿਸ਼ਨ 2024 ਸਫ਼ਲ ਹੋਣ ਵਿਚ ਵੱਡੀ ਆਸ ਬੱਝੀ ਹੈ|
ਕੈਪਸ਼ਨ : ਸਾਬਕਾ ਵਿਧਾਇਕ ਡਾ: ਹਰਜੋਤ ਕਮਲ