ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ,ਜ਼ਿਲ੍ਹਾ ਪੱਧਰੀ ਅੰਡਰ-17 ਖੇਡਾਂ ਦੀ ਕਰਵਾਈ, ਰਸਮੀ ਸ਼ੁਰੂਆਤ
ਮੋਗਾ, 15 ਸਤੰਬਰ: (ਜਸ਼ਨ):- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਦੀਆਂ ਦੇ ਜ਼ਿਲ੍ਹਾ ਪੱਧਰੀ ਅੰਡਰ-17 (ਲੜਕੇ/ਲੜਕੀਆਂ) ਦੇ ਟੂਰਨਾਮੈਂਟ ਦਾ ਅੱਜ ਸ਼ਾਨਦਾਰ ਆਗਾਜ ਗੋਧੇਵਾਲਾ ਇੰਨਡੋਰ ਸਟੇਡੀਅਮ ਮੋਗਾ ਵਿਖੇ ਹੋਇਆ। ਇਸ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿੱਚ ਨਿਹਾਲ ਸਿੰਘ ਵਾਲਾ ਦੇ ਹਲਕਾ ਵਿਧਾਇਕ ਸ੍ਰ. ਮਨਜੀਤ ਸਿੰਘ ਬਿਲਾਸਪੁਰ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾਅਫ਼ਜਾਈ ਕੀਤੀ। ਇਸ ਸਮਾਰੋਹ ਵਿੱਚ ਖੇਡਾਂ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਮੋਗਾ ਡਾ. ਸਤੇਂਦਰਪਾਲ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੋਨਾਂ ਮਹਿਮਾਨਾਂ ਦਾ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਬਲਜਿੰਦਰ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਖੇਡ ਮੈਦਾਨ ਵਿੱਚ ਸਵਾਗਤ ਕੀਤਾ।
ਵਿਧਾਇਕ ਬਿਲਾਸਪੁਰ ਨੇ ਜ਼ਿਲ੍ਹਾ ਅੰਡਰ-17 ਦੇ ਟੂਰਨਾਮੈਂਟਾਂ ਨੂੰ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ। ਇਸ ਮੌਕੇ ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਭੰਗੜਾ ਆਦਿ ਨਾਲ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਵਿਧਾਇਕ ਬਿਲਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਭਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਪਹਿਲਾਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਇੰਨੇ ਵੱਡੇ ਪੱਧਰ ਤੇ ਨਹੀਂ ਕਰਵਾਈ ਸੀ। ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਹੀ ਅਰਥਾਂ ਵਿੱਚ ਨੌਜਵਾਨਾਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡ ਮੈਦਾਨਾਂ ਵਿੱਚ ਚੰਗੀ ਖੇਡ ਭਾਵਨਾਂ ਨਾਲ ਖੇਡਣ ਲਈ ਪ੍ਰੇਰਿਆ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਨਰੋਏ ਪੰਜਾਬ ਨੂੰ ਸਿਰਜਣ ਦੀ ਅਪੀਲ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੱਜ ਮਿਤੀ 15 ਸਤੰਬਰ 2022 ਨੂੰ ਅੰਡਰ-17 ਖੇਡ ਕਬੱਡੀ ਸਰਕਲ ਲੜਕੀਆਂ ਵਿੱਚ ਪਿੰਡ ਲੋਹਾਰਾ ਅਤੇ ਪਿੰਡ ਰੌਂਤਾ ਦਾ ਮੁਕਾਬਲਾ ਹੋਇਆ ਜਿਸ ਵਿੱਚ ਪਿੰਡ ਰੌਂਤਾ ਦੀ ਟੀਮ ਜੇਤੂ ਰਹੀ ਅਤੇ ਨਾਲ ਹੀ ਪਿੰਡ ਮਹਿਣਾ ਅਤੇ ਪਿੰਡ ਭਲੂਰ ਵਿਚਕਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪਿੰਡ ਮਹਿਣਾ ਨੇ ਬਾਜੀ ਮਾਰੀ। ਖੇਡ ਫੁੱਟਬਾਲ ਅੰਡਰ 21 ਲੜਕੇ ਵਿੱਚ ਪਿੰਡ ਬਿਲਾਸਪੁਰ ਦੀ ਟੀਮ ਜੇਤੂ ਰਹੀ। ਖੇਡ ਕਬੱਡੀ ਨੈਸ਼ਨਲ (ਲੜਕੇ) ਸੈਮੀਫਾਈਨਲ ਵਿੱਚ ਗਿਆਨ ਸਾਗਰ ਸਕੂਲ ਦਾ ਮੁਕਾਬਲਾ ਸਰਕਾਰੀ ਹਾਈ ਸਕੂਲ ਡਗਰੂ ਨਾਲ ਹੋਇਆ ਜਿਸ ਵਿਚ ਗਿਆਨ ਸਾਗਰ ਸਕੂਲ ਦੀ ਟੀਮ ਜੇਤੂ ਰਹੀ। ਦੂਜਾ ਮੁਕਾਬਲਾ ਪਿੰਡ ਮਨਾਵਾਂ ਅਤੇ ਪਿੰਡ ਰੌਂਤਾ ਵਿਚਕਾਰ ਹੋਇਆ। ਜਿਸ ਵਿੱਚ ਪਿੰਡ ਰੌਂਤਾ ਦੀ ਕਬੱਡੀ ਟੀਮ ਨੇ ਬਾਜੀ ਮਾਰੀ। ਇਸ ਤੋਂ ਇਲਾਵਾ ਹੋਰ ਖੇਡ ਮੁਕਾਬਲੇ ਵੀ ਹਾਲੇ ਲਗਾਤਾਰ ਚੱਲ ਰਹੇ ਸਨ।