ਆਈ.ਜੀ. ਫਰੀਦਕੋਟ ਰੇਂਜ ਪੀ.ਕੇ. ਯਾਦਵ ਵੱਲੋਂ ਮੋਗਾ ਦੇ ਧਾਰਮਿਕ ਸਥਾਨਾਂ ਦਾ ਦੌਰਾ

ਮੋਗਾ, 2 ਸਤੰਬਰ(ਜਸ਼ਨ):: ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਵਚਨਬੱਧ ਹੈ। ਵੱਖ ਵੱਖ ਧਰਮਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਸੂਬੇ ਦੀ ਅਮਨ ਸ਼ਾਂਤੀ ਨੂੰ ਖਤਮ ਕਰਨ ਦੇ ਮਨੋਰਥ ਵਜੋਂ ਸ਼ਰਾਰਤੀ ਅਨਸਰਾਂ ਦੀਆਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਸੇ ਵੀ ਧਾਰਮਿਕ ਸਥਾਨ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾੜੇ ਅਨਸਰਾਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਣਗੀਆਂ। ਸਾਰੇ ਧਾਰਮਿਕ ਸਥਾਨਾਂ ਦੀ ਰੱਖਿਆ ਲਈ ਪੰਜਾਬ ਪੁਲਿਸ ਵਚਨਬੱਧ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਈ.ਜੀ.ਪੀ. ਫਰੀਦਕੋਟ ਰੇਂਜ ਸ੍ਰੀ ਪੀ.ਕੇ. ਯਾਦਵ (ਆਈ.ਪੀ.ਐਸ.) ਨੇ ਮੋਗਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਅੱਜ ਜਿ਼ਲ੍ਹਾ ਵਿੱਚ ਵੱਖ ਵੱਖ ਧਾਰਮਿਕ ਸਥਾਨਾਂ ਦਾ ਦੌਰਾ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰ. ਗੁਲਨੀਤ ਸਿੰਘ ਖੁਰਾਨਾ ਵੀ ਹਾਜਰ ਸਨ। ਉਨ੍ਹਾਂ ਇਸ ਦੌਰੇ ਦੌਰਾਨ ਵੱਖ ਵੱਖ ਧਾਰਮਿਕ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਪ੍ਰਣਾਲੀ ਦਾ ਵੀ ਜਾਇਜਾ ਲਿਆ। ਧਾਰਮਿਕ ਆਗੂਆਂ ਨੂੰ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਅਪਰਾਧ ਦੀਆਂ ਘਟਨਾਵਾਂ ਨੂੰ ਰੋਕਣ ਲਈ ਜਿ਼ਲ੍ਹੇ ਵਿੱਚ ਰਣਨੀਤਿਕ ਥਾਵਾਂ ਤੇ ਨਾਕਾਬੰਦੀ ਦਾ ਵੀ ਬੜੀ ਡੁੰਘਾਈ ਨਾਲ ਜਾਇਜਾ ਲਿਆ ਅਤੇ ਸਪੈਸ਼ਲ ਨਾਕਾਬੰਦੀਆਂ ਦੌਰਾਨ ਦੌਰਾਨ ਮਾਮੂਲੀ ਕਮੀਆਂ ਨੂੰ ਦੂਰ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਜਿ਼ਲ੍ਹਾ ਮੋਗਾ ਵਿੱਚ ਕੁਝ ਧਾਰਮਿਕ ਸਥਾਨਾਂ ਉੱਪਰ ਕੈਮਰਿਆਂ ਦੀ ਗਿਣਤੀ ਨੂੰ ਵਧਾਉਣ ਦੇ ਆਦੇਸ਼ ਜਾਰੀ ਕੀਤੇ।