ਨੈਸਲੇ ਮੋਗਾ ਵੱਲੋਂ ਪਿੰਡ ਮੱਲੀਆ ਦੇ ਸਕੂਲ ਵਿੱਖੇ ਪੀਣ ਵਾਲੇ ਪਾਣੀ ਦੀ ਟੈਂਕੀ ਦਾ ਉਦਘਾਟਨ

ਮੋਗਾ, 01 ਸਤੰਬਰ (ਜਸ਼ਨ): ਪੂਰੀ ਦੁਨੀਆਂ ਵਿੱਚ ਦੁੱਧ ਤੋਂ ਤਿਆਰ ਪਦਾਰਥਾਂ ਵਿੱਚ ਆਪਣਾ ਨਾਮ ਬਣਾਉਣ ਵਾਲੀ ਕੰਪਨੀ ਨੈਸਲੇ ਇੰਡੀਆ ਲਿਮਿਟਡ ਮੋਗਾ ਵੱਲੋਂ ਸਰਕਾਰੀ ਹਾਈ ਸਕੂਲ ਕੋਠੀ ਮੱਲੀਆਂ ਵਾਲਾ ਵਿਖੇ ਵਿਦਿਆਰਥੀਆਂ ਲਈ ਸ਼ੁੱਧ ਪੀਣ ਯੋਗ ਪਾਣੀ ਲਈ ਟੈਂਕੀ ਬਣਵਾ ਕੇ ਦਿੱਤੀ ਗਈ। ਜਿਸ ਦਾ ਉਦਘਾਟਨ ਅੱਜ ਕੰਪਨੀ ਦੇ ਅਧਿਕਾਰੀਆਂ ਸ੍ਰੀ ਹਰਵਿੰਦਰ ਸਿੰਘ, ਸ੍ਰੀ ਮਹਾਂਦੇਵ ਜੀ, ਮੈਡਮ ਸੁਮਨ ਬਾਂਸਲ, ਮੈਡਮ ਅਮਨ ਬਜਾਜ ਜੀ ਨੇ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ(ਸੈ. ਸਿ.) ਮੋਗਾ ਸ੍ਰੀ ਸੁਸ਼ੀਲ ਤੁਲੀ ਜੀ, ਆਮ ਆਦਮੀ ਪਾਰਟੀ ਦੇ ਅਮਨ ਰਖਰਾ ਅਤੇ ਨਵਦੀਪ ਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਦਘਾਟਨ ਸਮਾਰੋਹ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਹਰਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਪੀਣ ਯੋਗ ਪਾਣੀ ਦੀ ਆ ਰਹੀ ਦਿੱਕਤ ਬਾਰੇ ਜਾਗਰੂਕ ਕਰਦੇ ਹੋਏ  ਘਰਾਂ ਵਿੱਚ ਵੀ ਪਾਣੀ ਦੀ ਸੰਭਾਲ ਦਾ ਸੁਨੇਹਾ ਦਿੱਤਾ ਅਤੇ ਭਵਿੱਖ ਵਿਚ ਵੀ ਸਕੂਲ ਦੀ ਮੱਦਦ ਕਰਦੇ ਰਹਿਣ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਸੁਸ਼ੀਲ ਤੁਲੀ ਜੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਨੇ ਨੈਸਲੇ ਕੰਪਨੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ  ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ, ਰੁੱਖ ਲਗਾਉਣ, ਅਤੇ ਸਿਹਤ ਸਬੰਧੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ।

ਆਮ ਆਦਮੀ ਪਾਰਟੀ ਦੇ ਅਮਨ ਰਖਰਾ ਅਤੇ ਨਵਦੀਪ ਵਾਲੀਆ ਵੱਲੋਂ ਨੈਸਲੇ ਦੁਆਰਾ ਸਮਾਜ ਲਈ ਕੀਤੇ ਜਾ ਰਹੇ ਕੰਮ ਅਤੇ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸ਼ਲਾਗਾ ਕੀਤੀ ਅਤੇ ਉਹਨਾਂ ਕਿਹਾ ਨੈਸਲੇ ਇੰਡੀਆ ਲਿਮਿਟਿਡ ਦੀ ਮੋਗਾ ਜਿਲ੍ਹੇ ਨੂੰ ਬਹੁਤ ਦੇਣ ਹੈ। ਕੋਵਿਡ-19 ਦੇ ਮਾੜੇ ਸਮੇਂ ਵਿੱਚ ਨੈਸਲੇ ਨੇ ਲੋਕ ਭਲਾਈ ਦੇ ਕੰਮ ਕਰਦੇ ਹੋਏ ਸਰਕਾਰੀ ਹਸਪਤਾਲ ਵਿੱਚ ਆਕਸੀਜਨ ਪਲਾਂਟ ਲਗਾਇਆ, ਮਾਸਕ, ਸੀਨੀਟੇਜਰ ਵੰਡੇ ਆਦਿ। ਇਸ ਤੋਂ ਇਲਾਵਾ ਪੌਦੇ ਲਗਾਉਣਾ, ਪਾਰਕਾਂ ਦੀ ਸੰਬਾਲ, ਲੜਕੀਆਂ ਨੂੰ ਸਹੀ ਨਿਊਟ੍ਰੀਸ਼ਨ ਡਾਇਟ ਲਈ ਕਿਤਾਬਾਂ ਦੇਣਾ ਆਦਿ ਇਲਾਕੇ ਦੀ ਖ਼ੁਸ਼ਹਾਲੀ ਲਈ ਅਣਗਿਣਤ ਕੰਮ ਕਰ ਰਹੀ ਹੈ। ਜਿਸ ਦਾ ਸਮਾਜ ਨੂੰ ਭਰਪੂਰ ਲਾਭ ਮਿਲ ਰਿਹਾ ਹੈ।

ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਸੱਭਿਆਚਾਰਕ ਡਾਂਸ ਆਈਟਮ ਪੇਸ਼ ਕੀਤੇ ਗਏ। ਸਕੂਲ ਮੁਖੀ ਰਮਨਦੀਪ ਸ਼ਾਰਦਾ ਨੇ ਆਪਣੇ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ  ਕੰਪਨੀ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਹਿਬਾਨ ਅਤੇ 'ਆਪ' ਆਗੂਆਂ ਅਤੇ ਮਜ਼ੂਦ ਪਿੰਡ ਵਾਸੀਆਂ ਦਾ ਸਟੇਜ ਤੋਂ ਜੀ ਆਇਆਂ ਅਤੇ ਧੰਨਵਾਦ ਕੀਤਾ। ਬਾਅਦ ਵਿਚ ਸਭ ਮਹਿਮਾਨਾਂ ਦਾ ਸੱਭਿਆਚਾਰਕ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਪਿੰਡ ਦੇ ਡੇਰਾ ਬਾਬਾ ਲਛਮਣ ਸਿੱਧ ਜੀ ਮੱਲ੍ਹੀਆਂਵਾਲਾ ਦੇ ਮੁਖੀ ਬਾਬਾ ਰਾਜੂ ਸ਼ਾਹ ਜੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਪਿਛਲੇ ਸਮੇਂ ਵਿਦਿਆਰਥੀਆਂ ਲਈ ਸਕੂਲ ਵਿੱਚ ਪੱਖੇ ਅਤੇ ਸਬਮਰਸੀਬਲ ਮੋਟਰ ਦਾਨ ਵਜੋਂ ਦਿੱਤੇ। ਪਿੰਡ ਵੱਲੋਂ ਕਰਮਜੀਤ ਸਿੰਘ ਪ੍ਰਿੰਸੀਪਲ ਬਾਬਾ ਰੋਡੂ ਸ਼ਾਹ ਪਬਲਿਕ ਸਕੂਲ ਨੇ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਵਿਚ ਦੋ ਪੌਦੇ ਵੀ ਲਗਾਏ ਗਏ।  ਇਸ ਮੌਕੇ ਪਿੰਡ ਦੇ ਸਰਪੰਚ ਸਰਦਾਰ ਸੁਖਬੀਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਬਾਬੂ ਸਿੰਘ, ਸਕੂਲ ਦਾ ਸਮੂਹ ਸਟਾਫ, ਵਿਦਿਆਰਥੀ , ਮਾਪੇ ਅਤੇ ਪਿੰਡ ਦੇ  ਹੋਰ ਮੋਹਤਬਰ ਸੱਜਣ ਹਾਜ਼ਰ ਸਨ ।