ਖੇਡਾਂ ਵਤਨ ਪੰਜਾਬ ਦੀਆਂ ਨਾਲ ਹੋਵੇਗੀ ਰੰਗਲੇ ਪੰਜਾਬ ਦੀ ਸ਼ੁਰੂਆਤ:- ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਮੋਗਾ, 01 ਸਤੰਬਰ
ਮੋਗਾ ਜਿਲ੍ਹੇ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਹੋਈ 'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ
ਮੋਗਾ, 01 ਸਤੰਬਰ (ਜਸ਼ਨ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੀ ਸੁਰੂਆਤ ਮੋਗਾ ਜਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਦੇ ਖੇਡ ਸਟੇਡੀਅਮ ਵਿਖੇ ਹੋਈ। ਮੋਗਾ ਜ਼ਿਲ੍ਹੇ ਦੇ ਬਲਾਕਾਂ ਵਿੱਚ ਹੋ ਰਹੀਆਂ ਖੇਡਾਂ ਦੀ ਸ਼ੁਰੂਆਤ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਕੀਤੀ ਗਈ । ਇਨ੍ਹਾਂ ਖੇਡਾਂ 'ਚ ਮੁੰਡੇ ਅਤੇ ਕੁੜੀਆਂ ਵੱਲੋਂ ਬੜੇ ਉਤਸ਼ਾਹ ਨਾਲ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਮੁੜ ਤੋਂ ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਪੰਜਾਬ ਵਿੱਚ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸ਼ੁਰੂ ਹੋਣ ਨਾਲ ਰੰਗਲੇ ਪੰਜਾਬ ਦੀ ਸੁਰੂਆਤ ਹੋਵੇਗੀ। ਊਨ੍ਹਾਂ ਕਿਹਾ ਕਿ ਪੰਜਾਬ ਇੱਕ ਸਮੇਂ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਹੁੰਦਾ ਸੀ ਪਰੰਤੂ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਨੌਜਵਾਨ ਨਸ਼ਿਆਂ ਵਰਗੀਆਂ ਲਾਹਨਤਾਂ ਵਿੱਚ ਫਸਦੇ ਗਏ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਨਸ਼ਿਆ ਦੀ ਗ੍ਰਿਫਤ ਵਿੱਚੋਂ ਕੱਢ ਕੇ ਇੱਕ ਵਾਰ ਫਿਰ ਖੇਡ ਮੈਦਾਨਾਂ ਤੱਕ ਲੈ ਕੇ ਆਵੇਗੀ ਤਾਂ ਜੋ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕਰਵਾਈਆਂ ਇਹ ਖੇਡਾਂ ਬਲਾਕ ਪੱਧਰ ਤੇ, ਫਿਰ ਜ਼ਿਲ੍ਹਾ ਪੱਧਰ , ਜੋਨ ਅਤੇ ਫਿਰ ਰਾਜ ਪੱਧਰ ਤੇ ਕਰਵਾਈਆਂ ਜਾਣਗੀਆਂ ਅਤੇ ਜੇਤੂ ਖਿਡਾਰੀਆਂ ਨੂੰ 06 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਖੇਡ ਪ੍ਰੇਮੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਇਹ ਖੇਡਾਂ ਇਸੇ ਤਰਾਂ ਜਾਰੀ ਰੱਖੇਗੀ। ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ ਅਤੇ ਨਿਰਵਿਘਨ ਜਾਰੀ ਰੱਖਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਕਰਕੇ ਪਿੰਡਾਂ ਦੇ ਬੱਚਿਆ ਤੇ ਖਿਡਾਰੀਆਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਨਹੀਂ ਮਿਲਦਾ ਪਰੰਤੂ ਇਨ੍ਹਾਂ ਖੇਡਾਂ ਨਾਲ ਉਹ ਖਿਡਾਰੀਆਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਉਹ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਸੂਬੇ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਡ ਭਾਵਨਾ ਨਾਲ ਇਹਨ੍ਹਾਂ ਖੇਡਾਂ ਵਿੱਚ ਭਾਗ ਲੈਣ ਅਤੇ ਜਿੱਤ ਤੇ ਹਾਰ ਨੂੰ ਖਿੜ੍ਹੇ ਮੱਥੇ ਸਵੀਕਾਰ ਕਰਨ। ਨਗਰ ਨਿਗਮ ਪ੍ਰਧਾਨ ਜਗਦੀਪ ਸਿੰਘ ਗਟਰਾ, ਬੂਟਾ ਸਰਪੰਚ, ਸਰਪੰਚ ਹਰਪ੍ਰੀਤ ਸਿੰਘ, ਸਨੀ ਧਾਲੀਵਾਲ, ਅਮਨ ਰਖਰਾ, ਅਮ੍ਰਿਤਪਾਲ ਸਿੰਘ, ਦਵਿੰਦਰ ਖੰਨਾ, ਸੁਰਜੀਤ ਸਿੰਘ, ਸਤਵੀਰ ਸਿੰਘ, ਜੀਵਨ ਸੈਦੋਕੇ ਅਤੇ ਹੋਰ ਆਪ ਆਗੂ ਮਜ਼ੂਦ ਸਨ।