ਕਿਸਮਤ ਨੂੰ ਸਿਰਫ਼ ਮਿਹਨਤ ਨਾਲ ਹੀ ਬਦਲਿਆ ਜਾ ਸਕਦਾ - ਡਿਪਟੀ ਕਮਿਸ਼ਨਰ
ਮੋਗਾ, 30 ਅਗਸਤ (ਜਸ਼ਨ): ਜ਼ਿਲ੍ਹਾ ਮੋਗਾ ਵਿੱਚ ਚਲਾਏ ਜਾ ਰਹੇ ਨੰਨ੍ਹੀ ਕਲੀ ਪ੍ਰੋਜੈਕਟ ਤਹਿਤ ਚੰਗੇ ਨੰਬਰ ਲੈ ਕੇ ਪਾਸ ਹੋਈਆਂ ਵਿਦਿਆਰਥਣਾਂ ਦਾ ਸਨਮਾਨ ਸਮਾਰੋਹ ਅੱਜ ਸਥਾਨਕ ਮੈਰਿਜ ਪੈਲੇਸ ਵਿਖੇ ਹੋਇਆ ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨਾਲ ਸ੍ਰੀ ਸੁਸ਼ੀਲ ਤੁਲੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਅਤੇ ਸ੍ਰ ਵਰਿੰਦਰਪਾਲ ਸਿੰਘ ਗਰੇਵਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾ ਸਿ), ਸ਼੍ਰੀਮਤੀ ਦੁਪਿੰਦਰ ਕੌਰ ਪ੍ਰੋਗਰਾਮ ਅਫ਼ਸਰ, ਡਾਕਟਰ ਸੁਰਜੀਤ ਸਿੰਘ, ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਵੀ ਹਾਜ਼ਰ ਸਨ।
ਕੇ ਸੀ ਮਹਿੰਦਰਾ ਫਾਊਂਡੇਸ਼ਨ ਟਰੱਸਟ ਅਤੇ ਨੰਦੀ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਨੰਨ੍ਹੀ ਕਲੀ ਪ੍ਰੋਜੈਕਟ ਦੀ ਸ਼ਲਾਘਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੀ ਕਿਸਮਤ ਨੂੰ ਸਿਰਫ਼ ਮਿਹਨਤ ਨਾਲ ਹੀ ਬਦਲਿਆ ਜਾ ਸਕਦਾ ਹੈ। ਜੀਵਨ ਦੀਆਂ ਚੁਣੌਤੀਆਂ ਮੂਹਰੇ ਹਥਿਆਰ ਸੁੱਟ ਦੇਣ ਵਾਲੇ ਅਤੇ ਸ਼ਾਰਟ ਕੱਟ ਵਿੱਚ ਵਿਸ਼ਵਾਸ਼ ਰੱਖਣ ਵਾਲੇ ਕਦੇ ਵੀ ਆਪਣੇ ਟੀਚੇ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦਾ ਦਾਨ ਜਰੂਰ ਦੇਣ। ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ 75 ਫੀਸਦੀ ਲੋਕ ਉਹ ਹਨ ਜਿਹੜੇ ਲਤਾੜੇ ਹੋਏ ਜਾਂ ਪਛੜੇ ਹੋਏ ਵਰਗਾਂ ਵਿੱਚ ਆਉਂਦੇ ਹਨ। ਇਹਨਾਂ 75 ਫੀਸਦੀ ਲੋਕਾਂ ਨੂੰ ਉੱਪਰ ਚੁੱਕਣ ਲਈ ਹਰੇਕ ਬੱਚੇ ਖਾਸ ਕਰਕੇ ਕੁੜੀਆਂ ਦਾ ਸਿੱਖਿਅਤ ਹੋਣਾ ਲਾਜ਼ਮੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰ) ਸ੍ਰ ਵਰਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਧੀਆਂ ਦੇ ਨਾਲ ਨਾਲ ਮੁੰਡਿਆਂ ਨੂੰ ਵੀ ਪੜ੍ਹਾਉਣ ਲਈ ਅੱਗੇ ਆਉਣ ਦੀ ਲੋੜ੍ਹ ਹੈ। ਜੇਕਰ ਮੁੰਡੇ ਨਹੀਂ ਪੜ੍ਹਨਗੇ ਤਾਂ ਬਿਨਾਂ ਸ਼ੱਕ ਸਮਾਜ ਵਿੱਚ ਅਪਰਾਧ ਵਧਣਗੇ।
ਇਸ ਮੌਕੇ ਘਰ ਵਿਚ ਮਿਲਦੀਆਂ ਫਾਲਤੂ ਚੀਜਾਂ ਦੀ ਸੁਚੱਜੀ ਵਰਤੋਂ ਬਾਰੇ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਨੂੰ ਲੋਕਾਂ ਵਲੋਂ ਬਹੁਤ ਹੀ ਸਰਾਹਿਆ ਗਿਆ।
ਜ਼ਿਕਰਯੋਗ ਹੈ ਕਿ ਨੰਨ੍ਹੀ ਕਲੀ ਪ੍ਰੋਜੈਕਟ ਤਹਿਤ ਜ਼ਿਲ੍ਹਾ ਮੋਗਾ ਵਿੱਚ 12084 ਵਿਦਿਆਰਥਣਾਂ ਨੂੰ ਸਕੂਲ ਸਮੇਂ ਤੋਂ ਬਾਅਦ ਸਕੂਲਾਂ ਵਿਚ ਹੀ 2 ਘੰਟੇ ਮੁਫ਼ਤ ਟਿਉਸ਼ਨ ਪੜ੍ਹਾਇਆ ਜਾਂਦਾ ਹੈ। ਇਹ ਉਹ ਵਿਦਿਆਰਥਣਾਂ ਹੁੰਦੀਆਂ ਹਨ ਜੌ ਕਿ ਪੜ੍ਹਾਈ ਵਿਚ ਕਮਜ਼ੋਰ ਹਨ ਜਾਂ ਫਿਰ ਉਹਨਾਂ ਦੇ ਹਾਲਾਤ ਸਾਜ਼ਗਾਰ ਨਹੀਂ ਹਨ। ਇਹਨਾਂ ਵਿਦਿਆਰਥਣਾਂ ਨੂੰ ਸਾਲ ਵਿੱਚ ਇੱਕ ਵਾਰ ਮੁਫ਼ਤ ਕਿੱਟ ਵੀ ਦਿੱਤੀ ਜਾਂਦੀ ਹੈ ਜਿਸ ਵਿਚ ਸਟੇਸ਼ਨਰੀ ਅਤੇ ਹੋਰ ਸਮੱਗਰੀ ਹੁੰਦੀ ਹੈ।
ਸ਼੍ਰੀਮਤੀ ਦੁਪਿੰਦਰ ਕੌਰ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਪ੍ਰੋਜੈਕਟ ਤਹਿਤ ਪੜ੍ਹ ਰਹੇ 1432 ਵਿਦਿਆਰਥਣਾਂ ਨੇ 10ਵੀਂ ਕਲਾਸ ਦੀ ਪ੍ਰੀਖਿਆ ਪਾਸ ਕੀਤੀ ਹੈ। ਇਹਨਾਂ ਵਿਦਿਆਰਥਣਾਂ ਵਿੱਚੋਂ 100 ਵਿਦਿਆਰਥਣਾਂ ਨੂੰ ਅੱਜ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।