ਡਾ. ਰਜਿੰਦਰ ਕਮਲ ਅਤੇ ਰਜਿੰਦਰ ਬਾਬੂ ਨੇ ਕਰਵਾਇਆ ਮਜ਼ਬੂਤ ਪਰਿਵਾਰ, ਮਜ਼ਬੂਤ ਪੰਜਾਬ ਸਮਾਗਮ

ਪਰਿਵਾਰਾਂ ਦੇ ਆਪਸੀ ਪਿਆਰ ਦਾ ਸੰਦੇਸ਼ ਹੈ ਪਰਿਵਾਰ ਪ੍ਰਬੋਧਨ- ਵਿਜੇ ਅਨੰਦ

ਮੋਗਾ, 30 ਅਗਸਤ (ਜਸ਼ਨ): ਮੋਗਾ ਵਿਖੇ ਪਰਿਵਾਰ ਪ੍ਰਬੋਧਨ ਪੰਜਾਬ ਵਲੋਂ ਡਾ. ਰਜਿੰਦਰ ਕਮਲ ਅਤੇ ਰਜਿੰਦਰ ਬਾਬੂ ਦੀ ਸਰਪ੍ਰਸਤੀ ਹੇਠ ਮਜ਼ਬੂਤ ਪਰਿਵਾਰ ਮਜ਼ਬੂਤ ਪੰਜਾਬ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪਰਿਵਾਰ ਪ੍ਰਬੋਧਨ ਪੰਜਾਬ ਦੇ ਪ੍ਰਮੁੱਖ ਵਿਜੇ ਆਨੰਦ, ਸੁਰੇਸ਼ ਮਲਹੋਤਰਾ, ਵਿਜੈ ਕੋਸ਼ਿਕ, ਪ੍ਰਦੀਪ ਗੋਇਲ, ਗੋਪਾਲ ਕ੍ਰਿਸ਼ਨ ਕਾਂਸਲ, ਸੁਨੀਤਾ ਆਨੰਦ, ਜਵਾਲਾ ਪ੍ਰਸਾਦ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਜੇ ਆਨੰਦ ਨੇ ਦੱਸਿਆਂ ਕਿ ਅੱਜ ਦੇ ਸਮਾਗਮ ਵਿੱਚ ਆਪਣੇ ਪਰਿਵਾਰਾਂ ਨੂੰ ਮਜ਼ਬੂਤ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਪਰਿਵਾਰ ਮਜ਼ਬੂਤ ਹੋਣਗੇ ਤਾਂ ਹੀ ਸਾਡਾ ਸਮਾਜ ਮਜ਼ਬੂਤ ਹੋਵੇਗਾ ਅਤੇ ਤਦ ਹੀ ਅਸੀਂ ਮਜ਼ਬੂਤ ਪੰਜਾਬ ਦਾ ਨਿਰਮਾਣ ਕਰਕੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਅੱਜ ਦੇ ਦੌੜ-ਭੱਜ ਅਤੇ ਮਸ਼ੀਨੀ ਯੁੱਗ ਵਿੱਚ ਅਸੀਂ ਆਪਣੀਆਂ ਨੈਤਿਕ ਜਿੰਮੇਵਾਰੀਆਂ, ਕਦਰਾਂ-ਕੀਮਤਾਂ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਇਨਸਾਨ ਹੀ ਇਨਸਾਨ ਤੋਂ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਸੰਸਕਾਰਾਂ ਪ੍ਰਤੀ ਮਾਰਗ-ਦਰਸ਼ਨ ਕਰਨਾ ਚਾਹੀਦਾ ਹੈ ਅਤੇ ਜਿਵੇਂ ਅਸੀਂ ਆਧੁਨਿਕ ਦੁਨੀਆਂ ਵਿੱਚ ਪ੍ਰਵੇਸ਼ ਕਰਦੇ ਜਾ ਰਹੇ ਹਾਂ ਉਸੇ ਤਰ੍ਹਾਂ ਸਾਨੂੰ ਆਧੁਨਿਕਤਾ ਦੇ ਨਾਲ-ਨਾਲ ਸੰਸਕਾਰਾਂ ਨੂੰ ਵੀ ਨਾਲ ਲੈ ਕੇ ਚੱਲਣ ਵੱਲ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਂਝੇ ਪਰਿਵਾਰਾਂ ਵਿੱਚ ਪਹਿਲਾਂ ਨਾਨੀਆਂ-ਦਾਦੀਆਂ ਬੱਚਿਆਂ ਨੂੰ ਨੈਤਿਕ ਗੁਣ, ਕਦਰਾ ਕੀਮਤਾਂ ਅਤੇ ਚੰਗੇ ਸੰਸਕਾਰਾਂ ਦਾ ਧਾਰਨੀ ਬਣਾਉਂਦੀਂ ਸਨ ਅਤੇ ਉਨ੍ਹਾਂ ਨੂੰ ਕਿੱਸੇ-ਕਹਾਣੀਆਂ ਰਾਹੀਂ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੀਆਂ ਸਨ। ਪਰ ਹੁਣ ਆਧੁਨਿਕਤਾ ਦੇ ਦੌਰ ਕਾਰਨ ਪਰਿਵਾਰਾਂ ਵਿੱਚ ਦੂਰੀਆਂ ਵਧ ਰਹੀਆਂ ਹਨ ਅਤੇ ਆਪਸੀ ਮਿਲਵਰਤਨ ਅਤੇ ਪਿਆਰ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਸੇਵਾ ਲਈ 1 ਘੰਟਾ ਜ਼ਰੂਰ ਕੱਢਣਾ ਚਾਹੀਦਾ ਹੈ ਅਤੇ ਪਰਿਵਾਰਾਂ ਨੂੰ ਮਜ਼ਬੂਤ ਕਰਨ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪਰਿਵਾਰਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਹਰ ਦੁੱਖ ਸੁੱਖ ਵਿੱਚ ਸਮਾਜ ਵਿੱਚ ਰਹਿੰਦੇ ਹਰੇਕ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ। ਇਸ ਉਪਰੰਤ ਡਾ. ਰਜਿੰਦਰ ਕੌਰ ਨੇ ਸਮਾਗਮ ਵਿੱਚ ਸ਼ਾਮਿਲ ਸਾਰੇ ਹੀ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਆਪਣੇ ਪਰਿਵਾਰਾਂ ਨਾਲ ਮਿਲ ਜੁਲ ਕੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿੱਚ ਗਗਨਦੀਪ ਕੌਰ, ਜਗਦੀਪ ਸਿੰਘ ਲੰਢੇਕੇ, ਸੰਜੀਵ ਮੰਗਲਾ, ਸੁਰੇਸ਼ ਮਲਹੋਤਰਾ, ਨਿਰਮਲ ਸਿੰਘ ਮੀਨੀਆ, ਅਨੁ ਗੁਲਾਟੀ, ਡਾ. ਵਰਿੰਦਰ ਕੌਰ, ਸਤਨਾਮ ਸਿੰਘ ਮਹੇਸ਼ਰੀ, ਸੀਮਾ ਰਾਣੀ, ਰਾਮ ਸ਼ਰਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਰਿਵਾਰ ਹਾਜ਼ਰ ਸਨ।