ਅੱਖਾਂ ਦਾਨ ਕਰੋ ਅਤੇ ਦੁਨੀਆ ਨੂੰ ਦੇਖਣ ਵਿੱਚ ਕਿਸੇ ਦੀ ਮਦਦ ਕਰੋ: ਚੇਤਨ ਸਿੰਘ ਜੌੜਾਮਾਜਰਾ

29 ਅਗਸਤ,ਚੰਡੀਗੜ੍ਹ (ਜਸ਼ਨ):- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ 37ਵਾਂ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਹਰ ਸਾਲ ਮਨਾਏ ਜਾਣ ਵਾਲੀ ਇਸ 15-ਰੋਜ਼ਾ ਮੁਹਿੰਮ ਵਿੱਚ ਸਿਹਤ ਸੰਸਥਾਵਾਂ ਅਤੇ ਹੋਰ ਹਿੱਸੇਦਾਰਾਂ ਨੂੰ ਅੱਖਾਂ ਦਾਨ ਬਾਰੇ ਜਨ-ਜਾਗਰੂਕਤਾ ਫੈਲਾਉਣ ਅਤੇ ਨਾਗਰਿਕਾਂ ਨੂੰ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਪ੍ਰੇਰਿਤ ਕੀਤਾ ਜਾਂਦਾ ਹੈ।
ਅੰਨ੍ਹਾਪਣ ਸਾਡੇ ਦੇਸ਼ ਵਿੱਚ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਮੋਤੀਆਬਿੰਦ ਤੋਂ ਬਾਅਦ, ਕੋਰਨੀਆ ਦੀਆਂ ਬਿਮਾਰੀਆਂ (ਅੱਖ ਦੇ ਅਗਲੇ ਹਿੱਸੇ ਨੂੰ ਢੱਕਣ ਵਾਲੇ ਟਿਸ਼ੂ ਨੂੰ ਕੋਰਨੀਆ ਕਿਹਾ ਜਾਂਦਾ ਹੈ) ਨਜ਼ਰ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ। ਕੋਰਨੀਆ ਦੇ ਨੁਕਸਾਨ ਦੇ ਕਾਰਨ ਨਜ਼ਰ ਦੇ ਨੁਕਸਾਨ ਨੂੰ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਜਾਂ ਕੇਰਾਟੋਪਲਾਸਟੀ ਵਜੋਂ ਜਾਣੀ ਜਾਂਦੀ ਇੱਕ ਸਰਜੀਕਲ ਪ੍ਰਕਿਰਿਆ ਦੁਆਰਾ ਠੀਕ ਕੀਤਾ ਜਾ ਸਕਦਾ ਹੈ, ਜਿੱਥੇ ਖਰਾਬ ਹੋਏ ਕੋਰਨੀਆ ਨੂੰ ਦਾਨੀ ਅੱਖ ਤੋਂ ਇੱਕ ਸਿਹਤਮੰਦ ਕੋਰਨੀਆ ਦੁਆਰਾ ਬਦਲਿਆ ਜਾਂਦਾ ਹੈ। ਪੰਜਾਬ ਵਿੱਚ ਕੁੱਲ 13 ਰਜਿਸਟਰਡ ਅੱਖਾਂ ਦੇ ਬੈਂਕ ਅਤੇ 30 ਕੋਰਨੀਆ ਟ੍ਰਾਂਸਪਲਾਂਟੇਸ਼ਨ ਕੇਂਦਰ ਹਨ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪ੍ਰਣ ਕਰਨ ਅਤੇ ਕਿਸੇ ਲੋੜਵੰਦ ਲਈ ਇਸ ਸੰਸਾਰ ਨੂੰ ਦੇਖਣ ਯੋਗ ਬਣਾਉਣ ਦੇ ਨੇਕ ਕਾਰਜ ਵਿੱਚ ਹਿੱਸਾ ਪਾਉਣ। ਉਨ੍ਹਾਂ ਨੇ ਡਿਜੀਟਲ ਮੀਡੀਆ ਸਮੇਤ ਮਾਸ ਮੀਡੀਆ ਰਾਹੀਂ ਆਈ.ਈ.ਸੀ. (ਸੂਚਨਾ. ਸਿੱਖਿਆ ਅਤੇ ਸੰਚਾਰ) ਦੇ ਹਿੱਸੇ ਨੂੰ ਮਜ਼ਬੂਤ ਕਰਨ ਦੀ ਫੌਰੀ ਲੋੜ 'ਤੇ ਜ਼ੋਰ ਦਿੱਤਾ ਜਿਸ ਰਾਹੀਂ ਅਸੀਂ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਯੋਗ ਹੋਵਾਂਗੇ ਅਤੇ ਵੱਧ ਤੋਂ ਵੱਧ ਕੋਰਨੀਆ ਪ੍ਰਾਪਤ ਕਰ ਸਕਾਂਗੇ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ: ਰਣਜੀਤ ਸਿੰਘ ਘੋਤੜਾ ਨੇ ਇਸ ਪੰਦਰਵਾੜੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰੂਕਤਾ ਰਾਹੀਂ ਅੱਖਾਂ ਦਾਨ ਸਬੰਧੀ ਭਰਮ-ਭੁਲੇਖਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਅੱਖਾਂ ਦਾਨ ਕਰਨ ਲਈ ਰਜਿਸਟ੍ਰੇਸ਼ਨ ਫਾਰਮ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਵਿਜ਼ਨ ਸੈਂਟਰਾਂ ਵਿੱਚ ਉਪਲਬਧ ਹਨ। ਇਸ ਤੋਂ ਇਲਾਵਾ ਹੁਣ ਲੋਕ ਵੈੱਬਸਾਈਟ https://nhm.punjab.gov.in/Eye_Donation 'ਤੇ ਲੌਗਇਨ ਕਰਕੇ ਆਨਲਾਈਨ ਰਜਿਸਟਰ ਕਰਕੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਕਰ ਸਕਦੇ ਹਨ। ਰਜਿਸਟ੍ਰੇਸ਼ਨ ਪੂਰr ਹੋਣ ਤੋਂ ਬਾਅਦ ਉਹ ਆਪਣਾ ਰਜਿਸਟ੍ਰੇਸ਼ਨ ਫਾਰਮ ਡਾਊਨਲੋਡ ਅਤੇ ਪ੍ਰਿੰਟ ਕਰ ਸਕਦੇ ਹਨ।
ਪ੍ਰੋਗਰਾਮ ਅਫਸਰ N.P.C.B.V.I. (ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈਸ ਐਂਡ ਵਿਜ਼ੂਅਲ ਇਮਪੇਅਰਮੈਂਟ) ਡਾ: ਨੀਤੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਅੱਖਾਂ ਦੇ ਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੰਦਰਵਾੜੇ ਦੌਰਾਨ ਆਈ.ਈ.ਸੀ ਗਤੀਵਿਧੀਆਂ ਆਯੋਜਿਤ ਕਰਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਜਾਗਰੂਕਤਾ ਮੁਹਿੰਮ ਦਾ ਟੀਚਾ ਸਾਰੇ ਕੋਰਨੀਅਲ ਨੇਤਰਹੀਣ ਮਰੀਜ਼ਾਂ ਦੇ ਬੈਕਲਾਗ ਨੂੰ ਕਲੀਅਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਚੱਲ ਰਹੀ ਮਹਾਂਮਾਰੀ ਦੇ ਬਾਵਜੂਦ ਸਾਲ 2021-22 ਵਿੱਚ ਰਾਜ ਵਿੱਚ 835 ਕੇਰਾਰੋਪਲਾਸਟੀ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ।