ਡਾ: ਹਰਜੋਤ ਕਮਲ ਅਤੇ ਉਹਨਾਂ ਦੀ ਧਰਮ ਪਤਨੀ ਡਾ: ਰਜਿੰਦਰ ਕਮਲ ਨੇ ਗਊਸ਼ਾਲਾ ਵਿਖੇ ਲੰਪੀ ਸਕਿੰਨ ਤੋਂ ਪੀੜਤ ਗਊਆਂ ਦੀ ਕੀਤੀ ਸੇਵਾ

ਮੋਗਾ, 28 ਅਗਸਤ (ਜਸ਼ਨ) :ਅੱਜ ਡਾ: ਹਰਜੋਤ ਕਮਲ ਮੋਗਾ ਮੰਡੀ ਵਿਚ ਸਥਿਤ ਪਬਲਿਕ ਗਊਸ਼ਾਲਾ ਵਿਖੇ ਉਚੇਚੇ ਤੌਰ ’ਤੇ ਪੁੱਜੇ ਜਿੱਥੇ ਉਹਨਾਂ ਗਊ ਧੰਨ ਨੂੰ ਆਪਣੇ ਹੱਥੀਂ ਹਰਾ ਚਾਰਾ ਪਾਇਆ ਅਤੇ ਗੁੜ੍ਹ ਚਾਰਿਆ | ਇਸ ਮੌਕੇ ਉਹਨਾਂ ਦੀ ਧਰਮ ਪਤਨੀ ਡਾ: ਰਜਿੰਦਰ ਕਮਲ ਵੀ ਮੌਜੂਦ ਸਨ| ਡਾ: ਹਰਜੋਤ ਕਮਲ  ਅਤੇ ਉਹਨਾਂ ਦੀ ਧਰਮ ਪਤਨੀ ਡਾ: ਰਜਿੰਦਰ ਕਮਲ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅੱਗੇ ਅਰਦਾਸ ਕਰਦਿਆਂ ਗਊਆਂ ‘ਚ ਫੈਲੀ ਲੰਪੀ ਸਕਿੰਨ ਦੀ ਬੀਮਾਰੀ ਤੋਂ ਛੇਤੀ ਨਿਜਾਤ ਲਈ ਅਰਜੋਈ ਕੀਤੀ | ਉਹਨਾਂ ਆਪਣੇ ਹੱਥੀਂ ਬੀਮਾਰੀ ਤੋਂ ਪੀੜਤ ਗਊਆਂ ਨੂੰ ਪੇੜੇ, ਗੁੱੜ੍ਹ ਅਤੇ ਹਰਾ ਚਾਰਾ ਖਿਲਾਇਆ ਅਤੇ ਗਊ ਮਾਤਾ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ| ਡਾ: ਹਰਜੋਤ ਕਮਲ ਨੇ ਆਖਿਆ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਨੂੰ ਮਾਤਾ ਦਾ ਦਰਜਾ ਪ੍ਰਾਪਤ ਹੈ। ਤੇ ਹੁਣ ਜਦੋਂ ਇਹ ਪਵਿੱਤਰ ਜੀਵ ਬੀਮਾਰੀਆਂ ਨਾਲ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਸਮਾਜ ਦੇ ਹਰ ਪ੍ਰਾਣੀ ਨੂੰ ਇਹਨਾਂ ਦੀ ਸੁਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ: ਹਰਜੋਤ ਕਮਲ ਨੇ ਆਖਿਆ ਕਿ ਅਸੀਂ ਸਾਰੇ, ਦਿਨ ਦੀ ਸ਼ੁਰੂਆਤ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਨਾਲ ਕਰਦੇ ਹਾਂ ਅਤੇ ਇਕ ਚੰਗੇ ਸ਼ਹਿਰਵਾਸੀ ਹੋਣ ਦੇ ਨਾਤੇ ਵੀ ਸਾਨੂੰ ਗਊ ਸੇਵਾ ਲਈ ਹਰ ਪਲ ਤੱਤਪਰ ਰਹਿਣਾ ਚਾਹੀਦਾ ਹੈ।
 ਜ਼ਿਕਰਯੋਗ ਹੈ ਕਿ ਡਾ: ਹਰਜੋਤ ਕਮਲ ਨੇ ਲੰਪੀ ਸਕਿੰਨ ਬੀਮਾਰੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਬੀਮਾਰੀ ਨਾਲ ਪੀੜਤ ਗਊਆਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਉਣ ਤਾਂ ਕਿ ਗਊਆਂ ਨੂੰ ਇਸ ਬੀਮਾਰੀ ‘ਚੋਂ ਛੇਤੀ ਨਿਜਾਤ ਮਿਲੇ|