ਸਰਬੱਤ ਦਾ ਭਲਾ ਅਤੇ ਰੂਰਲ ਐਨ ਜੀ ਓ ਮੋਗਾ ਦੇ ਸਿਖਿਆਰਥੀਆਂ ਨੇ ਤੀਆਂ ਵਿੱਚ ਪਾਈ ਧਮਾਲ

Tags: 

ਮੋਗਾ 14 ਅਗਸਤ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਅਤੇ ਰੂਰਲ ਐਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਡਾ ਐਸ ਪੀ ਉਬਰਾਏ ਜੀ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਕਿੱਤਾਮੁਖੀ ਸਿਖਲਾਈ ਕੇਂਦਰ ਵਿੱਚ ਪੂਰੇ ਜੋਸ਼ ਅਤੇ ਜਾਹੋ ਜਲਾਲ ਨਾਲ ਤੀਆਂ ਦਾ ਤਿਉਹਾਰ ਅਤੇ ਅਜ਼ਾਦੀ ਦਿਵਸ ਮਨਾਇਆ ਗਿਆ। ਸਰਬੱਤ ਦਾ ਭਲਾ ਸਿਖਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਨਾਲ ਇਸ ਰੰਗਾ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ,  ਇਸ ਉਪਰੰਤ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਵੀ ਨੰਦਲਾਲ ਨੂਰਪੁਰੀ ਦਾ ਗੀਤ ਜਿਉਂਦੇ ਭਗਵਾਨ ਪੇਸ਼ ਕਰਕੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਉਪਰੰਤ ਗਰੁੱਪ ਲੀਡਰ ਕਮਲਪ੍ਰੀਤ ਕੌਰ ਦੀ ਅਗਵਾਈ ਵਿੱਚ ਲੜਕੀਆਂ ਨੇ ਫੁਲਕਾਰੀ, ਛੱਲਾ, ਰੰਗਲਾ ਪੰਜਾਬ ਅਤੇ ਗਰੁੱਪ ਡਾਂਸ ਆਈਟਮਾਂ ਪੇਸ਼ ਕਰਕੇ ਤੀਜ ਦੀਆਂ ਤੀਆਂ ਦੇ ਤਿਉਹਾਰ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਤੇ ਦਰਸ਼ਕਾਂ ਨੇ ਵੀ ਤਾੜੀ ਨਾਲ ਉਨ੍ਹਾਂ ਦਾ ਖੂਬ ਸਾਥ ਦਿੱਤਾ। ਮੰਚ ਸੰਚਾਲਕ ਜਸਵੰਤ ਸਿੰਘ ਨੇ ਵੀ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਪੇਸ਼ ਕਰਦੀ ਹੋਈ ਇੱਕ ਰਚਨਾ ਪੇਸ਼ ਕੀਤੀ । ਇਸ ਉਪਰੰਤ ਦਫਤਰ ਸਕੱਤਰ ਜਸਵੀਰ ਕੌਰ ਅਤੇ ਟਰੱਸਟ ਮੈਂਬਰ ਨਰਜੀਤ ਕੌਰ ਵੱਲੋਂ ਹਾਜ਼ਰ ਦਰਸ਼ਕਾਂ ਤੋਂ ਪੰਜਾਬੀ ਸੱਭਿਆਚਾਰ ਨਾਲ ਸਵਾਲ ਕੀਤੇ ।ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ ਗਏ ਜਦਕਿ ਗਲਤ ਜਵਾਬ ਦੇਣ ਵਾਲਿਆਂ ਨੂੰ ਸਟੇਜ ਪਰਫਾਰਮੈਂਸ ਦੇਣੀ ਪਈ। ਇਸ ਤਰ੍ਹਾਂ ਦਰਸ਼ਕਾਂ ਨੇ ਵੀ ਇਸ ਸਮਾਗਮ ਦਾ ਪੂਰਾ ਆਨੰਦ ਲਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਚੇਅਰਮੈਨ ਹਰਜਿੰਦਰ ਚੁਗਾਵਾਂ, ਟਰੱਸਟੀ ਗੁਰਸੇਵਕ ਸੰਨਿਆਸੀ ਅਤੇ ਪ੍ਰੋਮਿਲਾ ਕੁਮਾਰੀ ਨੇ ਤੀਆਂ ਦੇ ਇਤਿਹਾਸ, ਇਸਦੇ ਮਹੱਤਵ ਅਤੇ ਤੰਦਰੁਸਤੀ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਡਾ ਐਸ ਪੀ ਸਿੰਘ ਉਬਰਾਏ ਆਰਥਿਕ ਪੱਖੋਂ ਕਮਜ਼ੋਰ ਅਤੇ ਲੋੜਵੰਦ ਲੋਕਾਂ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਖੁਸ਼ਹਾਲੀ ਦੇ ਦਰਵਾਜ਼ੇ ਤੱਕ ਲੈ ਜਾਂਦੇ ਹਨ, ਜਿੱਥੋਂ ਉਹ ਵੀ ਆਪਣੇ ਹਿੱਸੇ ਦੀਆਂ ਖੁਸ਼ੀਆਂ ਆਪਣਾ ਹੱਕ ਸਮਝ ਕੇ ਮਾਣਦੇ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਇੱਕ ਮਨ ਦੀ ਅਜਿਹੀ ਸਥਿਤੀ ਹੈ ਜੋ ਹਰ ਪੱਖੋਂ ਸੰਤੁਸ਼ਟ ਇਨਸਾਨ ਨੂੰ ਹੀ ਪ੍ਰਾਪਤ ਹੁੰਦੀ ਹੈ ਤੇ ਡਾ ਉਬਰਾਏ ਜੀ ਦੀ ਸ਼ਖ਼ਸੀਅਤ ਹੀ ਐਸੀ ਹੈ ਕਿ ਹਰ ਅਮੀਰ ਗਰੀਬ ਉਨ੍ਹਾਂ ਨੂੰ ਮਿਲਕੇ ਜਾਂ ਉਨ੍ਹਾਂ ਦੇ ਸਮਾਜ ਸੇਵੀ ਕੰਮਾਂ ਨੂੰ ਵੇਖ ਕੇ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰਦਾ ਹੈ। ਉਨ੍ਹਾਂ ਸਿਖਿਆਰਥੀਆਂ, ਅਧਿਆਪਕਾਂ, ਟਰੱਸਟ ਮੈਂਬਰਾਂ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤੀਆਂ ਨੂੰ 75ਵੇਂ ਅਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਭ ਲਈ ਖੁਸ਼ਹਾਲ, ਤੰਦਰੁਸਤ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਸਮਾਗਮ ਦੀ ਸਮਾਪਤੀ ਮੌਕੇ ਲੜਕੀਆਂ ਨੇ ਲੋਕ ਨਾਚ ਗਿੱਧੇ ਦੀ ਅਜਿਹੀ ਵੰਨਗੀ ਪੇਸ਼ ਕੀਤੀ ਕਿ ਉਥੇ ਮੌਜੂਦ ਹਰ ਸ਼ਖਸ ਆਇਆ ਆਪਣੇ ਆਪ ਨੂੰ ਥਿਰਕਣ ਤੋਂ ਨਹੀਂ ਰੋਕ ਸਕਿਆ। ਉਪਰੰਤ ਸਾਰੇ ਪ੍ਰਤੀਭਾਗੀਆਂ ਨੂੰ ਇਨਾਮ ਦਿੱਤੇ ਗਏ ਅਤੇ ਖਾਣ ਪੀਣ ਦਾ ਚੰਗਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਨਰਜੀਤ ਕੌਰ, ਇਕਬਾਲ ਸਿੰਘ ਖੋਸਾ, ਜਸਵੰਤ ਸਿੰਘ ਪੁਰਾਣੇਵਾਲਾ, ਕਮਲਜੀਤ ਮਹੇਸਰੀ, ਪਾਰਲਰ ਟੀਚਰ ਸੁਖਦੀਪ ਕੌਰ, ਸਿਲਾਈ ਟੀਚਰ ਸੁਖਵਿੰਦਰ ਕੌਰ, ਕਮਲਪ੍ਰੀਤ ਕੌਰ, ਗੁਰਨਾਜ ਕੌਰ, ਮੈਡਮ ਕੰਵਲਜੀਤ ਕੌਰ, ਲਖਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਖਿਆਰਥੀ ਹਾਜ਼ਰ ਸਨ।