ਕੈਬਨਿਟ ਮੰਤਰੀ​ ਹਰਜੋਤ ਬੈਂਸ ਨੇ ਉਭਰਦੇ ਖਿਡਾਰੀਆਂ ਲਈ ਆਨੰਦਪੁਰ ਸਾਹਿਬ ਹਲਕੇ 'ਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਕਿਹਾ

ਚੰਡੀਗੜ੍ਹ, 12 ਅਗਸਤ (ਜਸ਼ਨ) 'ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਸਿੱਖਿਆ-ਤੇ-ਸਿਹਤ' ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਕਦਮ ਵਧਾਉਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅੱਜ ਅਧਿਕਾਰੀਆਂ ਨੂੰ ਉਪਲਬਧ ਫੰਡਾਂ ਦੀ ਵਰਤੋਂ ਕਰਦਿਆਂ ਉਭਰਦੇ ਖਿਡਾਰੀਆਂ ਲਈ ਆਨੰਦਪੁਰ ਸਾਹਿਬ ਹਲਕੇ ਵਿੱਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

ਅੱਜ ਇਥੇ ਚੰਡੀਗੜ੍ਹ ਵਿਖੇ ਸ੍ਰੀ ਆਨੰਦਪੁਰ ਸਾਹਿਬ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਸਾਡਾ ਮਨੋਰਥ ਸਪੱਸ਼ਟ ਹੈ, ਜੇਕਰ ਅਸੀਂ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਲੌਜਿਸਟਿਕਸ ਮੁਹੱਈਆ ਕਰਵਾਉਂਦੇ ਹਾਂ ਤਾਂ ਇਹ ਉਭਰਦੇ ਖਿਡਾਰੀ ਸਿਤਾਰੇ ਬਣ ਜਾਣਗੇ। ਇਸ ਮੰਤਵ ਲਈ ਲੋੜੀਂਦਾ ਫੰਡ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਇਹ ਪ੍ਰਮੁੱਖ ਪ੍ਰੋਗਰਾਮ ਆਨੰਦਪੁਰ ਸਾਹਿਬ  ਤੋਂ ਸ਼ੁਰੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਪਹਿਲੇ ਪੜਾਅ ਵਿੱਚ ਅਨੰਦਪੁਰ ਸਾਹਿਬ ਹਲਕੇ ਦੇ 25 ਪਿੰਡਾਂ ਦੀ ਚੋਣ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਅਸੀਂ ਡਿਜ਼ਾਇਨ 'ਤੇ ਕੰਮ ਕਰ ਰਹੇ ਹਾਂ ਅਤੇ ਇਨ੍ਹਾਂ ਸਟੇਡੀਅਮਾਂ ਨੂੰ ਸਿੰਥੈਟਿਕ ਟਰੈਕ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਤਿਆਰ ਕਰਨ ਦੀ ਯੋਜਨਾ ਲਗਭਗ ਤਿਆਰ ਹੈ।

ਸ੍ਰੀ ਬੈਂਸ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਦੌਰਾਨ ਸੂਬੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਾਡਾ ਉਦੇਸ਼ ਖੇਡਾਂ ਦੇ ਖੇਤਰ ਵਿੱਚ ਆਪਣੀ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਹੈ ਕਿਉਂਕਿ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਤੋਂ ਬਹੁਤ ਉੱਚਾ ਮੁਕਾਮ ਹਾਸਲ ਕੀਤਾ ਹੈ।

ਪਿਛਲੀਆਂ ਸਰਕਾਰਾਂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਦੀਆਂ ਸਰਕਾਰਾਂ ਦੇ ਲਾਪਰਵਾਹੀ ਕਾਰਨ ਪੰਜਾਬ ਦੇ ਖਿਡਾਰੀਆਂ ਆਪਣਾ ਨਾਂ ਚਮਕਾਉਣ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੇ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਉਨ੍ਹਾਂ ਨੂੰ ਬੁਨਿਆਦੀ ਢਾਂਚਾਗਤ ਜ਼ਰੂਰਤਾਂ ਤੋਂ ਇਲਾਵਾ ਸਾਰੀਆਂ ਬੁਨਿਆਦੀ ਅਤੇ ਵਿਸ਼ਵ ਪੱਧਰੀ ਕੋਚਿੰਗ ਸਹੂਲਤਾਂ ਮੁਹੱਈਆ ਕਰਵਾਏਗੀ।