ਜ਼ਿਲ੍ਹਾ​ ਮੋਗਾ ਦੇ 22 ਪਿੰਡ ਹੋਣਗੇ ‘ਆਦਰਸ਼ ਪਿੰਡ’ ਵਜੋਂ ਵਿਕਸਤ - ਡਿਪਟੀ ਕਮਿਸ਼ਨਰ

ਮੋਗਾ, 4 ਅਗਸਤ (000)  ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਜ਼ਿਲ੍ਹਾ ਮੋਗਾ ਦੇ 22 ਪਿੰਡਾਂ ਨੂੰ ‘ਆਦਰਸ਼ ਪਿੰਡ’ ਵਜੋਂ ਵਿਕਸਤ ਕੀਤਾ ਜਾਣਾ ਹੈ। ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਭਾਈਚਾਰੇ ਦੀ ਬਹੁਤਾਤ ਵਾਲੇ ਇਨਾਂ ਪਿੰਡਾਂ ਦੇ ਵਾਸੀਆਂ ਨੂੰ ਮਿਲਦੀਆਂ ਸਹੂਲਤਾਂ ਅਤੇ ਉਨਾਂ ਦੀਆਂ ਲੋੜਾਂ ਬਾਰੇ ਵੇਰਵੇ ਇਕੱਤਰ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ, ਜਿਸ ਉਪਰੰਤ ਜ਼ਮੀਨੀ ਪੱਧਰ ਉੱਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਯੋਜਨਾ ਤਹਿਤ ਹੋਣ ਵਾਲੇ ਕੰਮ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਸੰਬੰਧਤ ਵਿਭਾਗਾਂ ਜ਼ਿਲਾ ਭਲਾਈ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਦਿਸ਼ਾ ਵਿੱਚ ਤੁਰੰਤ ਕੰਮ ਸ਼ੁਰੂ ਕਰਨ ਦੀ ਹਦਾਇਤ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਯੋਜਨਾ ਤਹਿਤ ਬਲਾਕ ਮੋਗਾ 1 ਦੇ ਧੂੜਕੋਟ ਚੜਤ ਸਿੰਘ ਅਤੇ ਚੁੱਪਕੀਤੀ (ਸੰਧੂਆਂ ਵਾਲਾ), ਬਲਾਕ ਮੋਗਾ 2 ਦੇ ਪਿੰਡ ਚੋਟੀਆਂ ਥੋਬਾ, ਜੈ ਸਿੰਘ ਵਾਲਾ ਅਤੇ ਗੱਜਣਵਾਲਾ, ਬਲਾਕ ਨਿਹਾਲ ਸਿੰਘ ਵਾਲਾ ਦਾ ਪੱਤੋ ਦੀਦਾਰ ਸਿੰਘ ਅਤੇ ਬਲਾਕ ਕੋਟ ਈਸੇ ਖਾਂ ਦੇ ਪਿੰਡ ਅਟਾਰੀ, ਗੱਟੀ ਜੱਟਾਂ, ਫਤਹਿਪੁਰ ਕੰਨੀਆਂ, ਬੋਘੇਵਾਲ, ਮੰਝਲੀ, ਕੋਟ ਮੁਹੰਮਦ ਖਾਨ, ਠੁੱਠਗੜ, ਫਿਰੋਜ਼ਵਾਲਾ ਬੜਾ, ਨਸੀਰਪੁਰ ਜਾਨੀਆਂ, ਚੱਕ ਤਾਰੇਵਾਲਾ, ਮੰਡੇਰ ਕਲਾਂ, ਭੋਏਪੁਰ, ਖੰਬਾ, ਚੱਕ ਕੰਨੀਆਂ ਕਲਾਂ, ਬਨਖੰਡੀ ਅਤੇ ਸੈਦ ਜਲਾਲਪੁਰ ਇਸ ਯੋਜਨਾ ਤਹਿਤ ਚੁਣੇ ਗਏ ਹਨ। ਇਸ ਯੋਜਨਾ ਦਾ ਮਕਸਦ ਇਨਾਂ ਪਿੰਡਾਂ ਦੇ ਵਾਸੀਆਂ ਨੂੰ ਹਰੇਕ ਸਹੂਲਤ ਨਾਲ ਜੋੜਿਆ ਜਾਣਾ ਹੈ ਅਤੇ ਲੋੜਾਂ ਨੂੰ ਪੂਰਾ ਕੀਤਾ ਜਾਣਾ ਹੈ ਤਾਂ ਜੋ ਇਥੋਂ ਦੇ ਹਰ ਵਰਗ ਦੇ ਲੋਕਾਂ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਉਕਤ ਤਿੰਨੋਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਪਿੰਡਾਂ ਦਾ ਸਰਵੇ ਸ਼ੁਰੂ ਕਰਨ ਲਈ ਇੱਕ ਹਫ਼ਤੇ ਵਿੱਚ ਐਕਸ਼ਨ ਪਲਾਨ ਤਿਆਰ ਕਰਕੇ ਪੇਸ਼ ਕਰਨ। ਇਸ ਸਰਵੇ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਸਿੱਖਿਆ, ਬਿਜਲੀ, ਪਾਣੀ, ਪਖਾਨੇ, ਆਂਗਣਵਾੜੀ, ਡਿਜਟਲੀਕਰਨ, ਨਿਊਟਰੀਸ਼ਨ ਅਤੇ ਵੱਖ-ਵੱਖ ਯੋਜਨਾਵਾਂ ਦੇ ਮਿਲ ਰਹੇ ਲਾਭ ਬਾਰੇ ਵੇਰਵੇ ਇਕੱਤਰ ਕੀਤੇ ਜਾਣਗੇ। ਇਹ ਸਰਵੇ ਪਿੰਡ ਪੱਧਰ ਉੱਤੇ ਸਰਪੰਚਾਂ ਦੀ ਅਗਵਾਈ ਵਿੱਚ ਬਣਾਈਆਂ ਜਾਣ ਵਾਲੀਆਂ ਕਮੇਟੀਆਂ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ। ਪਿੰਡ ਪੱਧਰੀ ਕਮੇਟੀਆਂ ਵਿੱਚ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਪੰਚਾਂ ਜਾਂ ਵਿਅਕਤੀਆਂ ਨੂੰ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ 75 ਵਰੇ ਮੁਕੰਮਲ ਹੋਣ ’ਤੇ ਚੱਲ ਰਹੇ ਅੰਮਿ੍ਰਤ ਮਹਾਂਉਸਤਵ ਤਹਿਤ ਕਰਵਾਏ ਜਾਣ ਵਾਲੇ ਇਸ ਸਰਵੇ ਲਈ ਜ਼ਿਲਾ ਪੱਧਰ ਤੋਂ ਵਿਸ਼ੇਸ਼ ਟੀਮਾਂ ਭੇਜੀਆਂ ਜਾਣਗੀਆਂ। ਸਰਵੇ ਕਰਾਉਣ ਵਿੱਚ ਪਿੰਡ ਦੀਆਂ ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਹੈਲਪਰ ਅਤੇ ਪੰਚਾਇਤ ਸਕੱਤਰ ਵਿਸ਼ੇਸ਼ ਸਹਿਯੋਗ ਕਰਨਗੇ।