ਪਿੰਡ ਦੀਦਾਰੇਵਾਲਾ ਵਿਖੇ ਵਿਕਸਤ ਕੀਤਾ ਜਾਵੇਗਾ ‘ਮਿੰਨੀ ਫਾਰੈਸਟ’

ਪਿੰਡ ਦੀਦਾਰੇਵਾਲਾ/ਨਿਹਾਲ ਸਿੰਘ ਵਾਲਾ, 2 ਅਗਸਤ (ਜਸ਼ਨ): ਪੰਜਾਬ ਸਰਕਾਰ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਦੀਦਾਰੇਵਾਲਾ ਵਿਖੇ ‘ਮਿੰਨੀ ਫਾਰੈਸਟ’ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਦੇ ਕੰਮ ਦਾ ਬੂਟਾ ਲਗਾ ਕੇ ਉਦਘਾਟਨ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ. ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸ੍ਰ. ਹਰਮਨਜੀਤ ਸਿੰਘ ਬਰਾੜ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ। ਇਹ ਮਿੰਨੀ ਫਾਰੈਸਟ ਭਾਰਤ ਦੀ ਆਜ਼ਾਦੀ ਦੇ 75ਵੇਂ ਅੰਮਿ੍ਰਤ ਮਹਾਂਉਤਸਵ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ। ਇਹ ਫਾਰੈਸਟ 1 ਏਕੜ ਵਿੱਚ ਲਗਾਇਆ ਜਾ ਰਿਹਾ ਹੈ, ਜਿਸ ਵਿੱਚ 1100 ਬੂਟੇ ਲਗਾਏ ਗਏ ਹਨ ਅਤੇ ਇਨਾਂ ਨੂੰ ਮਗਨਰੇਗਾ ਯੋਜਨਾ ਤਹਿਤ ਸੰਭਾਲਿਆ ਜਾਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਤੋਂ ਹਰਾ-ਭਰਾ ਅਤੇ ਸ਼ੁੱਧ ਵਾਤਾਵਰਣ ਵਾਲਾ ਬਣਾਉਣਾ ਚਾਹੁੰਦੀ ਹੈ। ਇਸੇ ਕਰਕੇ ਹੀ ਮੁੱਖ ਮੰਤਰੀ ਦੀ ਰਹਿਨੁਮਾਈ ਹੇਠ ਸੂਬੇ ਭਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੱਖਾਂ ਦੀ ਤਾਦਾਦ ਵਿੱਚ ਬੂਟੇ ਲਗਾਉਣ ਦੇ ਨਾਲ-ਨਾਲ ਪਿੰਡਾਂ ਵਿੱਚ ਤਿ੍ਰਵੇਣੀਆਂ ਲਗਾਉਣ ਦੀ ਵੀ ਮੁਹਿੰਮ ਵਿੱਢੀ ਹੈ। ਇਨਾਂ ਦੇ ਲੱਗਣ ਨਾਲ ਜਿੱਥੇ ਸਾਫ਼ ਸੁਥਰਾ ਵਾਤਾਵਰਣ ਸਿਰਜਿਆ ਜਾਵੇਗਾ ਉਥੇ ਹੀ ਪਿੰਡਾਂ ਵਿੱਚ ਪੁਰਾਣਾ ਸੱਭਿਆਚਾਰ ਅਤੇ ਵਿਰਸਾ ਵੀ ਅੰਗੜਾਈ ਲੈਣ ਲੱਗੇਗਾ। ਉਨਾਂ ਸੂਬਾ ਵਾਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਨੂੰ ਇਹ ਸਭ ਸੰਭਵ ਕਰਨ ਲਈ ਸਹਿਯੋਗ ਦੇਣ।
ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨਾਂ ਦਾ ਪਾਲਣ ਪੋਸ਼ਣ ਕਰਨਾ ਵੀ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਵਿੱਚ ਆਉਂਦਾ ਹੈ। ਉਨਾਂ ਕਿਹਾ ਕਿ ਇਹ ਜਿੰਮੇਵਾਰੀ ਮਗਨਰੇਗਾ ਕਾਮੇ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਨਿਭਾਅ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਮਗਨਰੇਗਾ ਕਾਮੇ ਆਪਣੀ ਡਿਊਟੀ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਵੀ ਕਰਨ ਤਾਂ ਇਸ ਨਾਲ ਬਹੁਤ ਵੱਡਾ ਸਹਾਰਾ ਮਿਲੇਗਾ। ਉਨਾਂ ਕਿਹਾ ਕਿ ਰੁੱਖ ਲਗਾਉਣਾ ਸਭ ਤੋਂ ਵੱਧ ਦਿਲਚਸਪ ਅਤੇ ਵਾਤਾਵਰਨ ਅਨੁਕੂਲ ਗਤੀਵਿਧੀਆਂ ਵਿੱਚ ਆਉਂਦਾ ਹੈ। ਰੁੱਖ ਲੰਬੇ ਸਮੇਂ ਲਈ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਕੁੰਜੀ ਹਨ ਕਿਉਂਕਿ ਇਹ ਆਕਸੀਜਨ ਪ੍ਰਦਾਨ ਕਰਨ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ, ਜਲਵਾਯੂ ਸੁਧਾਰ, ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ ਆਦਿ ਲਈ ਜਿੰਮੇਵਾਰ ਹਨ। ਇਨਾਂ ਕਾਰਨਾਂ ਕਰਕੇ ਹੀ ਅਜੋਕੇ ਹਾਲਾਤਾਂ ਵਿੱਚ ਰੁੱਖ ਲਗਾਉਣੇ ਬਹੁਤ ਜਰੂਰੀ ਹਨ।
ਦੱਸਣਯੋਗ ਹੈ ਕਿ ਵਣ ਵਿਭਾਗ ਵੱਲੋਂ ਵੀ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਕੁੱਲ 1 ਲੱਖ 43 ਹਜ਼ਾਰ 638 ਪੌਦੇ ਲਗਾਏ ਜਾ ਰਹੇ ਹਨ। ਇਨਾਂ ਪੌਦਿਆਂ ਦੀ ਦੇਖਭਾਲ ਵੀ ਵਧੀਆ ਤਰੀਕੇ ਨਾਲ ਕੀਤੀ ਜਾਵੇਗੀ ਤਾਂ ਕਿ ਇਹ ਬੂਟੇ ਆਉਣ ਵਾਲੀਆਂ ਪੀੜੀਆਂ ਲਈ ਵਰਦਾਨ ਸਾਬਿਤ ਹੋ ਸਕਣ। ਇਸੇ ਤਰਾਂ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ‘ਤੇ ਪੂਰੇ ਪੰਜਾਬ ਵਿੱਚ ਕੁੱਲ 1.25 ਲੱਖ ਬੂਟੇ ਲਗਾਉਣ ਦੀ ਮੁਹਿੰਮ ਸੁਰੂ ਕੀਤੀ ਹੋਈ ਹੈ। ਇਸ ਮੌਕੇ ਸਰਪੰਚ ਜਸਪਾਲ ਸਿੰਘ ਗੋਰੀ, ਯੂਥ ਆਗੂ ਸਨੀ ਦੀਦਾਰੇਵਾਲਾ, ਪੰਚ ਗੁਰਬਚਨ ਸਿੰਘ ਟੋਕੀ, ਪੰਚ ਨਿਰੰਜਣ ਸਿੰਘ ਅਤੇ ਹੋਰ ਵੀ ਹਾਜਰ ਸਨ।