ਮੋਗਾ ਪੁਲਿਸ ਨੇ 1 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਕੀਤਾ ਗਿ੍ਰਫਤਾਰ
ਮੋਗਾ, 1 ਅਗਸਤ(ਜਸ਼ਨ): ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਨੇ ਐਤਵਾਰ ( 31 ਜੁਲਾਈ 2022) ਨੂੰ 1 ਕਿਲੋ ਹੈਰੋਇਨ, 10 ਲੱਖ ਰੁਪਏ ਡਰੱਗ ਮਨੀ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਐਤਵਾਰ ਦੇਰ ਸ਼ਾਮ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਗੁਲਨੀਤ ਖੁਰਾਨਾ ਨੇ ਦੱਸਿਆ ਕਿ ਡੀ ਐੱਸ ਪੀ ਸਿਟੀ ਦਮਨਬੀਰ ਸਿੰਘ ਅਤੇ ਸੀ ਆਈ ਏ ਸਟਾਫ਼ ਬਾਘਾਪੁਰਾਣਾ ਦੇ ਮੁਖੀ ਤਿਰਲੋਚਨ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਮੋਗਾ ਦੇ ਦੁਸਾਂਝ ਰੋਡ ’ਤੇ ਸਥਿਤ ਇਕ ਘਰ ਚੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਵਿਅਕਤੀ ਫਿਰੋਜ਼ਪੁਰ , ਜੀਰਾ ਅਤੇ ਮੋਗਾ ਨਾਲ ਸਬੰਧਤ ਨੇ। ਉਹਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਵਿਅਕਤੀਆਂ ਕੋਲੇ 10 ਲੱਖ ਤੋਂ ਉੱਪਰ ਨਕਦੀ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਰਾਜਸਥਾਨ ਅਤੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੋਂ ਇਹ ਨਸ਼ੇ ਦੀ ਸਮੱਗਰੀ ਪ੍ਰਾਪਤ ਕਰਕੇ ਅੱਗੇ ਸਪਲਾਈ ਕਰਦੇ ਹਨ। ਉਹਨਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ’ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਕੇਸ ਦਰਜ ਹਨ।
ਗੁਲਨੀਤ ਖੁਰਾਨਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਚਾਰ ਵਿਅਕਤੀਆਂ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ , ਜਿਸ ਨਾਲ ਹੋਰ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ।