ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ਾਂ'ਤੇ ਚੱਲਣ ਦਾ ਪ੍ਰਣ ਕਰੀਏ:ਬਾਬਾ ਗੁਰਦੀਪ ਸਿੰਘ ਚੰਦਪੁਰਾਣਾ
ਬਾਘਾਪੁਰਾਣਾ 31ਜੁਲਾਈ (ਰਾਜਿੰਦਰ ਸਿੰਘ ਕੋਟਲਾ)ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਪਰਮਾਤਮਾ ਕਣ ਕਣ, ਜਰ੍ਹੇ ਜਰ੍ਹੇ ’ਚ ਵਾਸ ਕਰਨ ਵਾਲਾ, ਹਰ ਸਮੇਂ ਹਰ ਪਲ, ਹਰ ਜਗ੍ਹਾ, ਹਰ ਕਿਸੇ ਨੂੰ ਦੇਖਦਾ ਰਹਿੰਦਾ ਹੈ ਹਰ ਕੋਈ, ਹਰ ਪਲ, ਹਰ ਸਮੇਂ ਉਸ ਨੂੰ ਵੀ ਦੇਖ ਸਕਦਾ ਹੈ, ਪਰ ਜੋ ਵਿਚਕਾਰ ਖੁਦੀ ਦੀ ਕੰਧ ਹੈ, ਹੰਕਾਰ ਦੀ ਕੰਧ ਹੈ, ਉਸ ਨੂੰ ਡੇਗਣਾ ਲਾਜ਼ਮੀ ਹੈ ਜਦੋਂ ਤੱਕ ਇਨਸਾਨ ਦੇ ਅੰਦਰ ਹੰਕਾਰ ਹੈ, ਉਦੋਂ ਤੱਕ ਓਮ, ਹਰੀ, ਈਸ਼ਵਰ, ਰਾਮ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ, ਕਣ ਕਣ ’ਚ ਹੁੰਦਾ ਹੋਇਆ ਵੀ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਖੁਦੀ ਨੂੰ ਮਿਟਾਉਣਾ ਪੈਂਦਾ ਹੈ ਤਾਂ ਖੁਦਾ ਨਜ਼ਰ ਆਉਂਦਾ ਹੈ ਹੁਣ ਤੁਸੀਂ ਆਪਣੇ ਅੰਦਰ ਤੋਂ ਹੰਕਾਰ ਨੂੰ ਖ਼ਤਮ ਕਰ ਲਵੋਂਗੇ ਤਾਂ ਹੀ ਪ੍ਰਭੂ ਪਰਮਾਤਮਾ ਮਿਲ ਸਕਦਾ ਹੈ ਉਨ੍ਹਾਂ ਕਿਹਾ ਗੁਰਬਾਣੀ ਵਿੱਚ ਵੀ ਕਬੀਰ ਸਾਹਿਬ ਜੀ ਦੇ ਇਹ ਬਚਨ ਹਨ ਚਾਖਾ ਚਾਹੇ ਪ੍ਰੇਮ ਰਸ, ਰਾਖਾ ਚਾਹੇ ਮਾਨ, ਏਕ ਮਿਆਨ ਮੇ ਦੋ ਖੜਗ ਦੇਖਾ ਸੁਣਾ ਨਾ ਕਾਨ ਕਿ ਜਿਸ ਤਰ੍ਹਾਂ ਇੱਕ ਮਿਆਨ ’ਚ ਦੋ ਤਲਵਾਰਾਂ ਨਹੀਂ ਆਉਂਦੀਆਂ, ਉਸੇ ਤਰ੍ਹਾ ਇੱਕ ਹੀ ਸਰੀਰ ’ਚ ਹੰਕਾਰ ਤੇ ਪ੍ਰਭੂ ਦਾ ਪਿਆਰ ਇਕੱਠੇ ਨਹੀਂ ਰਹਿ ਸਕਦੇ ਜਦੋਂ ਆਦਮੀ ਆਪਣੀ ਈਗੋ, ਆਪਣੇ ਹੰਕਾਰ ਨੂੰ ਬਹੁਤ ਉੱਚਾ ਕਰ ਲੈਂਦਾ ਹੈ, ਬਹੁਤ ਵਧਾ ਲੈਂਦਾ ਹੈ, ਤਾਂ ਫਿਰ ਪ੍ਰਭੂ ਤੱਕ ਜਾਣ ਦੇ ਰਸਤੇ ’ਚ ਬਹੁਤ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਇਨਸਾਨ ਦੀ ਸੋਚ ਹੇਠਾਂ ਆਉਂਦੀ ਹੀ ਨਹੀਂ, ਦੀਨਤਾ ਨਿਮਰਤਾ ਭਾਉਂਦੀ ਹੀ ਨਹੀਂ ਜਦੋਂ ਤੱਕ ਦੀਨਤਾ ਨਿਮਰਤਾ ਨਹੀਂ ਆਵੇਗੀ ਓਦੋਂ ਤੱਕ ਪਰਮਾਤਮਾ ਦੇ ਦਰਸ਼ਨ ਹੋ ਨਹੀਂ ਸਕਦੇ।ਇਸ ਲਈ ਸਾਨੂੰ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ,ਜਿਹੜਾ ਮਨੁੱਖ ਵੀ ਇਸ ਇਲਾਹੀ ਬਾਣੀ ਨਾਲ ਜੁੜ ਕੇ ਜੀਵਨ ਪੰਧ 'ਤੇ ਨਿਕਲੇਗਾ, ਯਕੀਨਨ ਉਸ ਦਾ ਜੀਵਨ ਸੁਖਾਲਾ ਅਤੇ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੋਵੇਗਾ। ਜੇਕਰ ਅਸੀਂ ਚਿੰਤਾਵਾਂ ਅਤੇ ਸਮੱਸਿਆਵਾਂ ਤੋਂ ਛੁਟਕਾਰਾ ਚਾਹੁੰਦੇ ਹਾਂ ਤਾਂ ਆਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ਾਂ 'ਤੇ ਚੱਲਣ ਦਾ ਪ੍ਰਣ ਕਰੀਏ।