ਸਰਬੱਤ ਦਾ ਭਲਾ ਟਰੱਸਟ ਨੇ ਮੇਜਰ ਧਿਆਨ ਚੰਦ ਹਾਕੀ ਕਲੱਬ ਨੂੰ ਇੱਕ ਲੱਖ ਰੁਪਏ ਦਾ ਖੇਡਾਂ ਦਾ ਸਮਾਨ ਭੇਂਟ ਕੀਤਾ
ਮੋਗਾ 29 ਜੁਲਾਈ (ਜਸ਼ਨ ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ ਐਸ ਪੀ ਸਿੰਘ ਉਬਰਾਏ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ ਅੱਜ ਮੇਜਰ ਧਿਆਨ ਚੰਦ ਹਾਕੀ ਕਲੱਬ ਮੋਗਾ ਨੂੰ ਰਾਸ਼ਟਰੀ ਖੇਡ ਹਾਕੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰੀਬ ਇੱਕ ਲੱਖ ਰੁਪਏ ਮੁੱਲ ਦਾ ਖੇਡਾਂ ਦਾ ਸਮਾਨ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੇਜਰ ਧਿਆਨ ਚੰਦ ਹਾਕੀ ਕਲੱਬ ਦੇ ਰਾਸ਼ਟਰ ਪੱਧਰੀ ਕੋਚ ਵਿਜੇ ਕੁਮਾਰ ਕੌਸ਼ਿਕ ਵੱਲੋਂ ਵੱਖ ਵੱਖ ਸਕੂਲਾਂ ਵਿੱਚੋ 80 ਦੇ ਕਰੀਬ ਖਿਡਾਰੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਹਾਕੀ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਇਨਾਂ ਖਿਡਾਰੀਆਂ ਨੂੰ ਹਾਕੀ ਸਟਿੱਕਾਂ, ਬਾਲਾਂ, ਸਿਨ ਨੈਟ, ਗੋਲ ਕੀਪਰ ਕਿੱਟਾਂ, ਬੂਟ ਅਤੇ ਜਰਸੀਆਂ ਦੀ ਜ਼ਰੂਰਤ ਸੀ, ਜਿਸ ਬਾਰੇ ਉਨ੍ਹਾਂ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੂੰ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਸੀ, ਜਿਨ੍ਹਾਂ ਅੱਗੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਐਸ ਪੀ ਸਿੰਘ ਉਬਰਾਏ ਜੀ ਨੂੰ ਪੁਰਜ਼ੋਰ ਸਿਫ਼ਾਰਸ਼ ਕਰਕੇ ਇਹ ਸਮਾਨ ਕਲੱਬ ਲਈ ਉਪਲੱਬਧ ਕਰਵਾਇਆ, ਜਿਸ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਬਣਦੀ ਹੈ। ਅੱਜ ਪੀ ਐਮ ਕਾਲਜ ਮੋਗਾ ਦੇ ਖੇਡ ਮੈਦਾਨ ਵਿੱਚ ਇਹ ਸਮਾਨ ਖਿਡਾਰੀਆਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਕੋਚ ਵਿਜੇ ਕੌਸ਼ਿਕ ਨੇ ਡਾ ਐਸ ਪੀ ਸਿੰਘ ਉਬਰਾਏ ਅਤੇ ਟਰੱਸਟ ਦੀ ਮੋਗਾ ਟੀਮ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਡਾ ਐਸ ਪੀ ਸਿੰਘ ਉਬਰਾਏ ਜੀ ਨੇ ਬਹੁਤ ਵੱਡਾ ਪਰਉਪਕਾਰੀ ਕੰਮ ਕੀਤਾ ਹੈ। ਅਸੀਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਨ੍ਹਾਂ ਵਿੱਚੋਂ ਕਈ ਸਟੇਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਟਰੱਸਟ ਦਾ ਨਾਮ ਕਰਾਂਗੇ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਖਿਡਾਰੀਆਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਸ਼ੇ ਦਾ ਇਸਤੇਮਾਲ ਨਾ ਕਰਨ ਦੀ ਕਸਮ ਦਿਵਾਉਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਡਾ ਐਸ ਪੀ ਉਬਰਾਏ ਹਰ ਸਾਲ ਆਪਣੀ ਆਮਦਨ ਦਾ 98% ਹਿੱਸਾ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਤੇ ਖਰਚ ਰਹੇ ਹਨ ਤੇ ਇਸੇ ਨੇਕ ਕਮਾਈ ਵਿਚੋਂ ਉਨ੍ਹਾਂ ਤੁਹਾਡੇ ਲਈ ਇੱਕ ਲੱਖ ਰੁਪਏ ਦਾ ਸਮਾਨ ਲੈ ਕੇ ਦਿੱਤਾ ਹੈ । ਇਸ ਲਈ ਤਹਾਨੂੰ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ । ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਹਾਕੀ ਕਲੱਬ ਸਮੇਂ ਸਮੇਂ ਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਸਭ ਖਿਡਾਰੀਆਂ ਨੂੰ ਖੇਡ ਮੈਦਾਨ ਦੇ ਨਿਯਮਾਂ ਦੀ ਪਾਲਣਾ ਕਰਨ, ਆਪਣੇ ਕੋਚ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਆਗਿਆ ਮੰਨਣ ਦੀ ਤਾਕੀਦ ਵੀ ਕੀਤੀ । ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਚੁਗਾਵਾਂ ਨੇ ਵੀ ਖਿਡਾਰੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਕਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਉਕਤ ਤੋਂ ਇਲਾਵਾ ਟਰੱਸਟ ਦੇ ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਬਲਵੀਰ ਸਿੰਘ ਸੀਨੀਅਰ ਹਾਕੀ ਕਲੱਬ ਡੀ ਐਮ ਕਾਲਜ ਮੋਗਾ,ਹੈਡ ਕੋਚ ਵਿਜੇ ਕੋਸ਼ਿਕ, ਸਹਾਇਕ ਕੋਚ ਜਗਵਿੰਦਰ ਸਿੰਘ, ਸਹਾਇਕ ਕੋਚ ਪੰਕਜ, ਗੁਰਸੇਵਕ ਸਿੰਘ,ਕਮਲ ਘਾਰੂ, ਸਰਬਜੀਤ ਸਿੰਘ ਬਰਾੜ ਫੋਜੀ ਮਾਰਕੀਟ ਵਾਲੇ ਅਤੇ ਖਿਡਾਰੀ ਹਾਜ਼ਰ ਸਨ।