ਮੋਗਾ ਪੁਲਿਸ ਨੇ ਚਲਾਇਆ 29 ਪੁਆਇੰਟਾਂ ਉੱਪਰ ਸਪੈਸ਼ਲ ਸਰਚ ਅਭਿਆਨ,220 ਚਲਾਨ, 29 ਵਹੀਕਲ ਇੰਮਪਾਊਂਡ, 700 ਗ੍ਰਾਮ ਹੈਰੋਇਨ ਤੇ 50 ਹਜ਼ਾਰ ਰੁਪਏ ਡਰੱਗ ਮਨੀ ਕੀਤੀ ਬਰਾਮਦ
ਮੋਗਾ, 24 ਜੁਲਾਈ: (ਜਸ਼ਨ): ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਸ਼੍ਰੀ ਗੋਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸਿ਼ਆਂ ਦੀ ਰੋਕਥਾਮ, ਨਸ਼ਾ ਤਸਕਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਪ੍ਰਦੀਪ ਕੁਮਾਰ ਯਾਦਵ ਆਈ.ਪੀ.ਜੀ. ਫਰੀਦਕੋਟ ਰੇਂਜ ਅਤੇ ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਣਾ ਦੀ ਯੋਗ ਅਗਵਾਈ ਤਹਿਤ ਮੋਗਾ ਵਿਚ ਸ਼ਾਮ 4 ਵਜੇ ਤੋ 7 ਵਜੇ ਤੱਕ 29 ਪੁਆਇੰਟਾਂ ਉੱਪਰ ਸਪੈਸ਼ਲ਼ ਨਾਕਾਬੰਦੀਆਂ ਕਰਕੇ ਵਹੀਕਲਾਂ ਅਤੇ ਉਨ੍ਹਾਂ ਵਿਚ ਸਵਾਰ ਵਿਅਕਤੀਆਂ ਦੀ ਚੈਕਿੰਗ ਲਈ ਸਪੈਸ਼ਲ ਸਰਚ ਅਪ੍ਰੇਸ਼ਨ ਮੁਹਿੰਮ ਚਲਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਨਾਕਾਬੰਦੀਆਂ ਉੱਪਰ 9 ਗਜਟਿਡ ਅਫ਼ਸਰ, 29 ਇੰਸਪੈਕਟਰ/ਮੁੱਖ ਅਫ਼ਸਰ ਥਾਣਾ, 118 ਐਨ.ਜੀ.ਓ. ਅਤੇ 387 ਹੋਰ ਰੈਂਕਾਂ ਦੇ ਕਰਮਚਾਰੀ ਭਾਵ ਕੁੱਲ 543 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ। ਇਨ੍ਹਾਂ ਨਾਕਾਬੰਦੀਆਂ ਦੌਰਾਨ ਜਿ਼ਲ੍ਹਾ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਪੁਆਇੰਟਾਂ ਉੱਪਰ, ਹਰ ਪ੍ਰਕਾਰ ਦੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਵਹੀਕਲਾਂ ਦੀਆ ਨੰਬਰ ਪਲੇਟਾਂ ਅਤੇ ਦਸਤਾਵੇਜਾਂ ਦੀ ਆਧੁਨਿਕ ਤਰੀਕਿਆ ਨਾਲ ਪੜਤਾਲ ਕੀਤੀ ਗਈ। ਜਿਨ੍ਹਾਂ ਵਹੀਕਲਾਂ ਉੱਪਰ ਹਾਈ ਸਕਿਊਰਿਟੀ ਨੰਬਰ ਪਲੇਟਾਂ ਨਹੀ ਲੱਗੀਆ ਸਨ ਉਹਨਾਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਵਹੀਕਲਾਂ ਵਿਚ ਸਵਾਰ ਵਿਅਕਤੀਆ ਵਿੱਚੋਂ ਸ਼ੱਕੀ ਜਾਪਦੇ ਵਿਅਕਤੀਆ ਦੀ ਆਧੁਨਿਕ ਤਰੀਕਿਆ ਨਾਲ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹਨਾਂ ਵਿਸ਼ੇਸ ਨਾਕਾਬੰਦੀਆ ਦੌਰਾਨ ਕੁੱਲ 2383 ਵਹੀਕਲ ਚੈੱਕ ਕੀਤੇ ਗਏ, ਕੁੱਲ 220 ਚਲਾਨ ਕੱਟੇ ਗਏ ਅਤੇ 29 ਵਹੀਕਲਾਂ ਦੇ ਕਾਗਜਾਤ ਪੂਰੇ ਨਾ ਹੋਣ ਕਰਕੇ 207 ਮੋਟਰ ਵਹੀਕਲ ਐਕਟ ਅਧੀਨ ਇੰਮਪਾੳਂੂਡ ਕੀਤੇ ਗਏ। ਚੈਕਿੰਗ ਦੌਰਾਨ 155 ਸ਼ੱਕੀ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਅਤੇ 21 ਵਿਅਕਤੀਆਂ ਨੂੰ ਥਾਣਾ ਹਜਾ ਵਿਚ ਲਿਜਾਕੇ ਚੈੱਕ ਕੀਤਾ ਗਿਆ। ਚੈਕਿੰਗ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 700 ਗ੍ਰਾਮ ਹੈਰੋਇਨ, ਇਕ ਐਕਟਿਵਾ ਸਕੂਟਰੀ ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।