ਦਾਰਾਪੁਰ ਬੈਂਕ ਦੀ ਡਕੈਤੀ ਦੇ ਕੇਸ ਵਿਚਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਮੋਗਾ, 21 ਜੁਲਾਈ:  (ਜਸ਼ਨ) ਪਿਛਲੇ ਦਿਨੀ ਪਿੰਡ ਦਾਰਾਪੁਰ ਵਿਖੇ ਇੰਡੋਸਿੰਧ ਬੈਂਕ ਵਿੱਚ ਡਕੈਤੀ ਦੇ ਕੇਸ ਦੇ ਤਿੰਨ ਦੋਸ਼ੀਆਂ ਰਾਜਪ੍ਰੀਤ ਸਿੰਘ ਉਰਫ਼ ਰਾਜਾ, ਨਰਿੰਦਰ ਸਿੰਘ ਉਰਫ਼ ਰਾਣਾ ਵਾਸੀ ਠੇਠਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ, ਗੁਰਿੰਦਰ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਠੇਠਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਖਿਲਾਫ਼ ਮੋਗਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।ਇਨ੍ਹਾਂ ਵਿੱਚੋਂ ਦੋ ਦੋਸ਼ੀ ਰਾਜਪ੍ਰੀਤ ਸਿੰਘ ਅਤੇ ਨਰਿੰਦਰ ਸਿੰਘ ਮੋਗਾ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ ਜਦਕਿ ਗੁਰਿੰਦਰ ਸਿੰਘ ਦੀ ਤਲਾਸ਼ ਪੁਲਿਸ ਵੱਲੋਂ ਜਾਰੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰ. ਗੁਲਨੀਤ ਸਿੰਘ ਨੇ ਕੀਤਾ। ਉਨ੍ਹਾਂ ਇਸ ਕੇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ/ਵੀਡੀਓ ਨੂੰ ਖੰਘਾਲਣ ਅਤੇ ਟੈਕਨੀਕਲ ਐਨਾਲਾਸਿਸ ਕਰਕੇ ਦੋਸ਼ੀਆਂ  ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਕਪਤਾਨ ਪੁਲਿਸ (ਆਈ) ਮੋਗਾ ਅਜੈਰਾਜ ਸਿੰਘ, ਉਪ ਕਪਤਾਨ ਪੁਲਿਸ (ਸਿਟੀ) ਮੋਗਾ ਦਮਨਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਮੋਗਾ, ਸੀ.ਆਈ. ਸਟਾਫ, ਥਾਣਾ ਸਿਟੀ-1 ਮੋਗਾ, ਥਾਣਾ ਸਿਟੀ ਸਾਊਥ ਮੋਗਾ, ਥਾਣਾ ਚੜਿੱਕ ਦੀਆ ਵੱਖ-ਵੱਖ ਪੁਲਿਸ ਪਾਰਟੀਆ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਐਸ.ਆਈ ਥਾਣਾ ਸਦਰ ਮੋਗਾ ਜਸਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਰਾਜਪ੍ਰੀਤ ਸਿੰਘ ਉਰਫ਼ ਰਾਜਾ, ਨਰਿੰਦਰ ਸਿੰਘ ਉਰਫ਼ ਰਾਣਾ ਪੁੱਤਰ ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ ਪੁੱਤਰ ਜਤਿੰਦਰ ਸਿੰਘ  ਜੋ ਕਿ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਤੇ ਜਿੰਨ੍ਹਾਂ ਨੇ ਪਿੰਡ ਦਾਰਾਪੁਰ ਦੀ ਇੰਡਸਿੰਧ ਬੈਂਕ ਦੀ ਡਕੈਤੀ ਵਾਲੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ, ਅੱਜ ਵੀ ਨਜਾਇਜ਼ ਹਥਿਆਰਾਂ ਦੀ ਨੋਕ ਉੱਪਰ ਲੁੱਟ-ਖੋਹ, ਚੋਰੀ ਅਤੇ ਹੋਰ ਸੰਗੀਨ ਜੁਰਮਾਂ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਲਈ ਖੁਖਰਾਣਾ ਪਿੰਡ ਕੋਲ ਮੇਨ ਰੋਡ ਉਪਰ ਘੁੰਮ ਰਹੇ ਹਨ।
ਇਸ ਜਗ੍ਹਾ ਉੱਪਰ ਜਦੋਂ ਪੁਲਿਸ ਵੱਲੋਂ ਰੇਡ ਕੀਤਾ ਤਾਂ ਉਥੇ ਰਾਜਪ੍ਰੀਤ ਸਿੰਘ ਉਰਫ ਰਾਜਾ, ਨਰਿੰਦਰ ਸਿੰਘ ਉਰਫ ਰਾਣਾ ਨੂੰ ਖੜਿਆਂ ਨੂੰ ਕਾਬੂ ਕੀਤਾ। ਇਨ੍ਹਾਂ ਪਾਸੋਂ ਤੀਜੇ ਵਿਅਕਤੀ ਗੁਰਿੰਦਰ ਸਿੰਘ ਬਾਰੇ ਪੁੱਛਗਿੱਣ ਵੀ ਕੀਤੀ। ਪੁੱਛਗਿੱਣ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਲੁੱਟ ਖੋਹ ਦੀ ਵਾਰਦਾਤ ਕਰਨ ਲਈ ਮੋਟਰਸਾਈਕਲ ਲੈ ਕੇ ਰੇਕੀ ਕਰ ਰਿਹਾ ਹੈ। ਦੋਨਾਂ ਨੇ ਦੱਸਿਆ ਕਿ ਉਹ ਸਮੇਤ ਗੁਰਿੰਦਰ ਸਿੰਘ ਪੁੱਤਰ ਜਤਿੰਦਰ ਸਿੰਘ ਨੇ ਹਮ ਮਸ਼ਵਰਾ ਹੋ ਕੇ ਪਿਛਲੇ ਦਿਨੀਂ ਪਿੰਡ ਦਾਰਾਪੁਰ ਵਿਖੇ ਇੰਡੋਸਿੰਧ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤੀਜੇ ਦੋਸ਼ੀ ਗੁਰਿੰਦਰ ਸਿੰਘ ਦੀ ਤਲਾਸ਼ ਜਾਰੀ ਹੈ।ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਕਿਰਪਾਨ ਵੀ ਬਰਾਮਦ ਕੀਤੀ ਗਈ ਹੈ।