ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਵਿਜੇ ਆਨੰਦ ਦੀ ਕਿਤਾਬ ‘ ਪਰਿਵਾਰ ਪ੍ਰਬੋਧਨ’ ਨੂੰ ਕੀਤਾ ਲੋਕ ਅਰਪਣ
* ਰਾਸ਼ਟਰਵਾਦ ਵਾਲੇ ਸਮਾਜ ਦੀ ਪੁਨਰ ਉਸਾਰੀ ਲਈ ‘ਪਰਿਵਾਰ ਪ੍ਰਬੋਧਨ’ ਕਿਤਾਬ ਮੀਲ ਪੱਥਰ ਸਾਬਤ ਹੋਵੇਗੀ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ
ਮੋਗਾ, 21 ਜੁਲਾਈ (ਜਸ਼ਨ):ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਸਮੁੱਚੇ ਪੰਜਾਬ ਵਿਚ ਆਰੰਭੇ ‘ ਪਰਿਵਾਰ ਪ੍ਰਬੋਧਨ ਪ੍ਰੋਗਰਾਮ’ ਤਹਿਤ ਮੋਗਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਿਵਾਰ ਪ੍ਰਬੋਧਨ ਦੇ ਸੂਬਾ ਇੰਚਾਰਜ ਵਿਜੇ ਆਨੰਦ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਦੌਰਾਨ ਵਿਜੇ ਆਨੰਦ ਦੀ ਲਿਖੀ ਹੋਈ ਕਿਤਾਬ ‘ ਪਰਿਵਾਰ ਪ੍ਰਬੋਧਨ’ ਨੂੰ ਲੋਕ ਅਰਪਣ ਕਰਨ ਦੀਆਂ ਰਸਮਾਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਨਿਭਾਈਆਂ। ਇਸ ਮੌਕੇ ਪਰਿਵਾਰ ਪ੍ਰਬੋਧਨ ਦੇ ਯੁਵਾ ਸੂਬਾਈ ਮੈਂਬਰ ਨਿਤਿਨ, ਜ਼ਿਲ੍ਹਾ ਇੰਚਾਰਜ ਰਜਿੰਦਰ ਬਾਬੂ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰੋ: ਮਲਹੋਤਰਾ, ਜ਼ਿਲ੍ਹਾ ਕਾਰਵਾਹਕ ਇੰਜ: ਜਵਾਲਾ ਪ੍ਰਸ਼ਾਦ, ਸੀ ਏ ਵਿਵੇਕ ਗੁਪਤਾ ਅਤੇ ਡਾ: ਰਜਿੰਦਰ ਕਮਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼੍ਰੀ ਵਿਜੇ ਆਨੰਦ ਦੀ ਇਹ ਕਿਤਾਬ ਜ਼ਿੰਦਗੀ ਜਿਉਣ ਦੀ ਜੀਵਨ ਸ਼ੈਲੀ ਨੂੰ ਬਿਆਨ ਕਰਦਿਆਂ ਸਾਂਝੇ ਪਰਿਵਾਰ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਉਹਨਾਂ ਆਖਿਆ ਕਿ ਇਹ ਕਿਤਾਬ ਸਾਡੀ ਭਾਸ਼ਾ, ਸੰਸਕਾਰ, ਪਕਵਾਨ ਅਤੇ ਸਥਾਨਕ ਪਹਿਰਾਵੇ ’ਤੇ ਪਹਿਰਾ ਦੇਣ ਦੇ ਨਾਲ ਨਾਲ ਗ੍ਰਹਿਸਤੀ ਜੀਵਨ, ਪਰਿਵਾਰ ਦੇ ਮੁਖੀ ਦੀ ਭੂਮਿਕਾ, ਸਾਦਾ ਜੀਵਨ, ਉੱਚ ਵਿਚਾਰ, ਯੋਗ, ਚਰਿੱਤਰ ਅਤੇ ਸੰਯੁਕਤ ਪਰਿਵਾਰ ਦੀ ਮਹੱਤਤਾ ਨੂੰ ਦਰਸਾਉਂਦਿਆਂ ਅਜਿਹੀਆਂ ਪਰਿਸਥੀਆਂ ਸਿਰਜਣ ਲਈ ਨਿਰੋਏ ਸਮਾਜ ਦੀ ਅਗਵਾਈ ਕਰਦੀ ਹੈ ਜਿਸ ਸਦਕਾ ਪਰਿਵਾਰਾਂ ਦੇ ਟੁੱਟਣ ਵਾਲੀਆਂ ਕੁਰੀਤੀਆਂ ਨੂੰ ਖਤਮ ਕਰਕੇ ਰਾਸ਼ਟਰਵਾਦ ਵਾਲੇ ਸਮਾਜ ਦੀ ਪੁਨਰ ਉਸਾਰੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਕਿਤਾਬ ਮੁਤਾਬਕ ਸਾਰੇ ਪਰਿਵਾਰਾਂ ਨੂੰ ਹਫਤੇ ਵਿਚ ਇੱਕ ਵਾਰ ਇਕੱਠੇ ਭੋਜਨ, ਭਜਨ ਅਤੇ ਸੈਰ ਕਰਨ ਦਾ ਮੰਤਰ ਅਪਨਾਉਣਾ ਚਾਹੀਦਾ ਹੈ। ਇਸ ਨਾਲ ਪਰਿਵਾਰਾਂ ਦੀ ਨੀਂਹ ਮਜਬੂਤ ਹੋਵੇਗੀ। ਇਸ ਮੌਕੇ ਪਰਿਵਾਰ ਪ੍ਰਬੋਧਨ ਦੇ ਸੂਬਾ ਇੰਚਾਰਜ ਵਿਜੇ ਆਨੰਦ ਨੇ ਆਸ ਪ੍ਰਗਟ ਕੀਤੀ ਕਿ ਮੋਗਾ ਦਾ ਸਮੁੱਚਾ ਇਲਾਕਾ ਆਪਸੀ ਪਿਆਰ ਦੀ ਨਵੀਂ ਮਿਸਾਲ ਪੇਸ਼ ਕਰੇਗਾ।