- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਛੋਟੇ ਬੱਚਿਆਂ ਦੀ ਸੰਭਾਲ ਲਈ ਖੋਲ੍ਹਿਆ ‘ਕਰੈੱਚ’ ਕੰਮ-ਕਾਜ਼ੀ ਔਰਤਾਂ ਦੇ ਬੱਚਿਆਂ ਦੀ ਕਰੇਗਾ ਸੰਭਾਲ
ਮੋਗਾ, 21 ਜੁਲਾਈ (ਜਸ਼ਨ) ਵੱਖ-ਵੱਖ ਦਫ਼ਤਰਾਂ ‘ਚ ਸੇਵਾ ਨਿਭਾਅ ਰਹੀਆਂ ਔਰਤਾਂ ਦੇ ਡਿਊਟੀ ਸਮੇਂ ਦੌਰਾਨ ਉਨ੍ਹਾਂ ਦੇ ਬੱਚਿਆਂ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਕਰੈੱਚ’ ਦੀ ਸ਼ੁਰੂਆਤ ਕੀਤੀ ਗਈ ਹੈ। ਅਜ਼ਾਦੀ ਕਾ ਅਮਿ੍ਰਤ ਮਹਾਂਉਤਸਵ ਤਹਿਤ ਖੋਲ੍ਹੇ ਇਸ ਕਰੈੱਚ ਦਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਸ੍ਰ. ਸਤਵੰਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਕਿਰਤਪ੍ਰੀਤ ਕੌਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਨਾਇਬ ਤਹਿਸੀਲਦਾਰ ਸ੍ਰ. ਚਰਨਜੀਤ ਸਿੰਘ ਚੰਨੀ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਨਿਰਮਲ ਥਾਪਾ, ਸੁਪਰਡੈਂਟ ਸ੍ਰੀ ਮਹਾਂਵੀਰ ਜਿੰਦਲ, ਸ੍ਰੀ ਵਿਕਰਮ ਲੂੰਬਾ, ਸ੍ਰ. ਹਰਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਅੱਜ ਕੱਲ੍ਹ ਇਕਹਿਰੇ ਪਰਿਵਾਰ ਹੋਣ ਕਾਰਨ ਕੰਮ ਕਾਜ਼ੀ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਸੰਭਾਲਣ ਵਿੱਚ ਬਹੁਤ ਸਮੱਸਿਆ ਪੇਸ਼ ਆਉਂਦੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚੱਲਦੇ ਦਫ਼ਤਰਾਂ ਵਿੱਚ ਵੀ ਕਈ ਔਰਤਾਂ ਸੇਵਾਵਾਂ ਨਿਭਾਅ ਰਹੀਆਂ ਹਨ। ਡਿਊਟੀ ਸਮੇਂ ਦੌਰਾਨ ਉਨ੍ਹਾਂ ਦੇ ਬੱਚਿਆਂ ਨੂੰ ਘਰਾਂ ਵਿੱਚ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ। ਘਰੇਲੂ ਜਿੰਮੇਵਾਰੀਆਂ ਦੇ ਚੱਲਦਿਆਂ ਔਰਤ ਕਰਮਚਾਰਨਾਂ ਆਪਣੀ ਡਿਊਟੀ ਵੀ ਧਿਆਨ ਨਾਲ ਨਹੀਂ ਕਰ ਸਕਦੀਆਂ। ਇਹੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਹ ਕਰੈੱਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹੀ ਅਰਥਾਂ ਵਿੱਚ ਸਸ਼ਕਤੀਕਰਨ ਲਈ ਔਰਤ ਦੀਆਂ ਘਰੇਲੂ ਜਿੰਮੇਵਾਰੀਆਂ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ। ਇਹ ਇਸ ਦਿਸ਼ਾ ਵਿੱਚ ਹੀ ਇੱਕ ਕਦਮ ਹੈ।
ਉਨ੍ਹਾਂ ਦੱਸਿਆ ਕਿ ਇਸ ਕਰੈੱਚ ਨੂੰ ਗੈਰ ਸਰਕਾਰੀ ਸੰਸਥਾ ਆਰ ਕੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਇਆ ਗਿਆ ਹੈ, ਜਿਸ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਵੇਗਾ। ਇਸ ਵਿੱਚ 25 ਦੇ ਕਰੀਬ ਬੱਚਿਆਂ ਨੂੰ ਸੰਭਾਲਿਆ ਜਾ ਸਕਦਾ ਹੈ। ਫ਼ਿਲਹਾਲ 6 ਬੱਚਿਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਮੀਦ ਹੈ ਕਿ ਜਲਦੀ ਹੀ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਮਨ ਲਵਾਈ ਰੱਖਣ ਲਈ ਕਰੈੱਚ ਦੇ ਅੰਦਰ ਦਾ ਮਾਹੌਲ ਖੁਸ਼ਗਵਾਰ ਤਰੀਕੇ ਨਾਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਚਿਆਂ ਲਈ ਖਿਡੌਣੇ, ਝੂਲੇ, ਵਿਸ਼ੇਸ਼ ਗੱਦੇ, ਏ. ਸੀ., ਪੱਖੇ ਅਤੇ ਟੈਲੀਵਿਜ਼ਨ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਨੂੰ ਸੰਭਾਲਣ ਲਈ ਇੱਕ ਵਰਕਰ ਅਤੇ ਹੈੱਲਪਰ ਲਗਾਏ ਗਏ ਹਨ। ਇਸ ਕਰੈੱਚ ਦੀ ਸੁਪਰਵੀਜ਼ਨ ਦੀ ਜਿੰਮੇਵਾਰ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਦੇ ਸੁਪਰਡੈਂਟ ਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਖਾਣ ਲਈ ਸਮਾਨ ਮਾਪਿਆਂ ਨੂੰ ਖੁਦ ਨਾਲ ਭੇਜਣਾ ਪਵੇਗਾ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਊਟੀ ਕਰਨ ਵਾਲੀਆਂ ਕਰਮਚਾਰਨਾਂ ਨੇ ਡਿਪਟੀ ਕਮਿਸ਼ਨਰ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।