ਬੇਅਦਬੀ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਤਿੰਨ ਤਿੰਨ ਸਾਲ ਦੀ ਕੈਦ, ਦੋ ਬਰੀ
ਮੋਗਾ, 7 ਜੁਲਾਈ (ਜਸ਼ਨ): ਪੰਜਾਬ ਵਿਚ ਹੋਏ ਬੇਅਦਬੀਆਂ ਮਾਮਲਿਆਂ ‘ਚ ਹੋਏ ਅਹਿਮ ਫੈਸਲੇ ‘ਚ ਅੱਜ ਮੋਗਾ ਦੀ ਮਾਣਯੋਗ ਅਦਾਲਤ ਐਡੀਸ਼ਨਲ ਸਿਵਲ ਜੱਜ ਕਮ ਜੇ ਐਮ ਆਈ ਸੀ ਮੋਗਾ ‘ਚ ਸ਼੍ਰੀ ਰਾਹੁਲ ਗਰਗ ਵੱਲੋਂ ਮੋਗਾ ਦੇ ਪਿੰਡ ਮੱਲਕੇ ਵਿਖੇ ਵਾਪਰੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਦੇ ਦੋਸ਼ੀਆਂ ਪਿ੍ਰਥੀ ਸਿੰਘ, ਮਿੱਠੂ ਸਿੰਘ ਅਤੇ ਅਮਨਦੀਪ ਸਿੰਘ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਦੇ ਨਾਲ ਪੰਜ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ ਜਦਕਿ ਮੁਲਜ਼ਮ ਦਵਿੰਦਰ ਸਿੰਘ ਅਤੇ ਸਤਨਾਮ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਇਹ ਘਟਨਾ 4 ਨਵੰਬਰ 2015 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਵਿਖੇ ਵਾਪਰੀ ਸੀ ਜਿੱਥੇ ਪਿੰਡ ਦੀਆਂ ਸੜਕਾਂ ‘ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲੇ ਸਨ ਅਤੇ ਇਸ ਦਾ ਮਾਮਲਾ ਸਮਾਲਸਰ ਥਾਣੇ ਵਿਚ ਦਰਜ ਕਰਦਿਆਂ ਪਿੰਡ ਮੱਲਕੇ ਦੇ ਹੀ ਵਾਸੀ ਪਿ੍ਰਥੀ ਸਿੰਘ, ਮਿੱਠੂ ਸਿੰਘ ਅਤੇ ਅਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ।
ਪੰਜਾਬ ਭਰ ਚ ਵਾਪਰੀਆਂ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲਿਆਂ ਵਿਚ ਆਏ ਅਦਾਲਤ ਦੇ ਪਹਿਲੇ ਫੈਸਲੇ ਨਾਲ ਸਿੱਖ ਭਾਈਚਾਰੇ ਨੂੰ ਕੁਝ ਤਸੱਲੀ ਜ਼ਰੂਰ ਮਿਲੀ ਹੈ।