ਮੋਗਾ ਕਚਿਹਰੀ ਵਿਚ ਵਿਚ ਪੇਸ਼ੀ ਭੁਗਤਣ ਆਏ ਮੁਲਜ਼ਮਾਂ ਨੇ ਤੈਸ਼ ਵਿਚ ਆ ਕੇ ਕੀਤੀ ਫਾਇਰਿੰਗ, ਕਿਸੇ ਵੀ ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਮੋਗਾ, 5 ਜੁਲਾਈ (ਜਸ਼ਨ) : ਅੱਜ ਮੋਗਾ ਕੋਰਟ ਕੰਪਲੈਕਸ ‘ਚ ਪੇਸ਼ੀ ਵਾਲੀ ਤਾਰੀਖ ’ਤੇ ਪਹੰੁਚੇ ਵਿਅਕਤੀਆਂ ਦੀ ਹੋਈ ਆਪਸੀ ਬਹਿਸਬਾਜ਼ੀ ਉਪਰੰਤ ਸੰਨੀ ਦਾਤਾ ਨਾਮ ਦੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ । ਚਸ਼ਮਦੀਦਾਂ ਅਨੁਸਾਰ ਤਕਰੀਬਨ 10-12 ਅਣਪਛਾਤੇ ਵਿਅਕਤੀ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ । ਚਸ਼ਮਦੀਦ ਮੁਤਾਬਕ ਇਹਨਾਂ ਵਿਚ ਇਕ ਵਿਅਕਤੀ ਲੁਧਿਆਣਾ , ਇਕ ਜਗਰਾਓਂ ਅਤੇ ਦੋ ਵਿਅਕਤੀ ਮੋਗਾ ਦੇ ਪਿੰਡ ਭਿੰਡਰਕਲਾਂ ਨਾਲ ਸਬੰਧਤ ਸਨ।
ਇਸ ਘਟਨਾ ਵਿਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਦੋ ਗੱਡੀਆਂ ਨੁਕਸਾਨੀਆਂ ਗਈਆਂ ਨੇ। ਇਹ ਘਟਨਾ ਕੋਰਟ ਕੰਪਲੈਕਸ ਦੇ ਨਾਲ ਲੱਗਦੀ ਇੰਪਰੂਵਮੈਂਟ ਟਰੱਸਟ ਦੀ ਹਦੂਦ ਵਿਚ ਵਾਪਰੀ ਜਿੱਥੇ ਅਕਸਰ ਕਚਿਹਰੀਆਂ ਵਿਚ ਆਏ ਲੋਕ ਆਪਣੀਆਂ ਗੱਡੀਆਂ ਪਾਰਕ ਕਰਦੇ ਹਨ।
ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਮਾਮਲਾ 2017 ਦਾ ਹੈ ਜੋ ਮੋਗਾ ਦੇ ਸਿਟੀ ਸਾਊਥ ਥਾਣੇ ਵਿਚ ਐੱਫ ਆਰ ਆਈ ਨੰਬਰ 185 ਤਹਿਤ ਦਰਜ ਕੀਤਾ ਗਿਆ ਸੀ ਅਤੇ ਇਸ ਵਿਚ ਧਾਰਾ 307 ਤਹਿਤ ਮਾਮਲਾ ਦਰਜ ਸੀ । ਇਸ ਘਟਨਾ ਵਿਚ ਇਕ ਧਿਰ ਦੇ ਵਿਅਕਤੀਆਂ ਵੱਲੋਂ ਇਕ ਹੋਰ ਵਿਅਕਤੀ ’ਤੇ ਹਮਲਾ ਕੀਤਾ ਗਿਆ ਸੀ ਜਿਸ ਕਰਕੇ ਮਾਮਲਾ ਦਰਜ ਕਰਵਾਇਆ ਗਿਆ ਸੀ।
ਪੁਲਿਸ ਵੱਲੋਂ ਇਕ ਕਾਰ ਨੂੰ ਕਬਜ਼ੇ ਵਿਚ ਲਿਆ ਗਿਆ ਹੈ ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਇਹ ਕਾਰ ਅੱਜ ਆਪਸ ਵਿਚ ਦੀ ਉਲਝੇ ਵਿਅਕਤੀਆਂ ਵਿਚੋਂ ਕਿਸੇ ਨਾਲ ਸਬੰਧਤ ਹੋ ਸਕਦੀ ਹੈ।
ਐੱਸ ਐੱਸ ਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਵਿਅਕਤੀ ਸੰਨੀ ਦਾਤਾ ਦੀ ਪਛਾਣ ਕਰ ਲਈ ਗਈ ਹੈ ਜਦਕਿ ਇਸ ਘਟਨਾ ਵਿਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਵੀ ਪਛਾਣ ਹੋ ਚੁੱਕੀ ਹੈ ਪਰ ਅਜੇ ਤੱਕ ਕਿਸੇ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਉਹਨਾਂ ਸਪੱਸ਼ਟ ਕੀਤਾ ਕਿ ਅੱਜ ਦੀ ਘਟਨਾ ਵਿਚ ਲੜੇ ਵਿਅਕਤੀ ਇਕੋ ਧਿਰ ਦੇ ਹਨ ਪਰ ਕਿਸੇ ਨੁਕਤੇ ’ਤੇ ਇਹਨਾਂ ਵਿਚ ਧੜੇਬੰਦੀ ਪੈਦਾ ਹੋ ਗਈ ਜਿਸ ਦੇ ਨਤੀਜੇ ਵਜੋਂ ਅੱਜ ਇਹ ਆਪਸ ਵਿਚ ਹੀ ਉਲਝ ਪਏ।
ਗੋਲੀਬਾਰੀ ਦੀ ਇਸ ਘਟਨਾ ਉਪਰੰਤ ਬੇਸ਼ੱਕ ਕੋਰਟ ਕੰਪਲੈਕਸ ਵਿਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਨੇ ਪਰ ਆਮ ਤੌਰ ’ਤੇ ਮਾਹੌਲ ਸ਼ਾਂਤਮਈ ਬਣਿਆ ਹੋਇਆ ਹੈ।