ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਮੋਗਾ ਦੇ ਸਿਵਲ ਹਸਪਤਾਲ ‘ਚ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਹੋਈਆਂ ਸ਼ੁਰੂ

*ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਸਿਟੀ ਸਕੈਨ ਮਸ਼ੀਨ ਦਾ ਕੀਤਾ ਉਦਘਾਟਨ
ਮੋਗਾ,4 ਜੁਲਾਈ (ਜਸ਼ਨ): ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਹਿਤ ਅੱਜ ਮੋਗਾ ਦੇ ਸਿਵਲ ਹਸਪਤਾਲ ਵਿਚ ਪਬਲਿਕ ਪ੍ਰਾਇਵੇਟ ਭਾਈਵਾਲੀ ਤਹਿਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਕ੍ਰਸਨਾ ਡਾਇਗਨੋਸਟਿਕ ਲਿਮਿਟਡ ਦੇ ਸਹਿਯੋਗ ਨਾਲ ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਸ਼ੁਰੂ ਕੀਤੀਆਂ । ਰੇਡੀਓਲੋਜੀ ਅਤੇ ਲੈਬੋਰਟਰੀ ਡਾਇਗਨੋਸਟਿਕ ਸੇਵਾਵਾਂ ਦਾ ਰਸਮੀ ਉਦਘਾਟਨ ਅੱਜ ਮੋਗਾ ਦੀ ਵਿਧਾਨਕਾਰ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ। 
ਡਾ. ਅਮਨਦੀਪ ਕੌਰ ਅਰੋੜਾ ਨੇ ਸਿਟੀ ਸਕੈਨ ਮਸ਼ੀਨ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਲੈਬ ਦੇ ਸਥਾਪਿਤ ਹੋਣ ਨਾਲ ਹੁਣ ਮਰੀਜ਼ ਬਹੁਤ ਘੱਟ ਰੇਟਾਂ ਤੇ ਆਪਣਾ ਟੈਸਟ ਕਰਵਾ ਸਕਣਗੇ। ਉਹਨਾਂ ਕਿਹਾ ਕਿ ਕੋਈ ਵੀ ਲੋੜਵੰਦ ਮਰੀਜ਼, ਡਾਕਟਰ ਦੀ ਪਰਚੀ ਤੋਂ ਬਿਨ੍ਹਾ ਵੀ ਬਲੱਡ ਦੇ ਟੈਸਟ ਕਰਵਾ ਸਕਦੇ ਹਨ ਜਦਕਿ ਸੀ ਟੀ ਸਕੈਨ ਮੈਡੀਕਲ ਅਫਸਰ ਦੀ ਪਰਚੀ ’ਤੇ ਬਹੁਤ ਘੱਟ ਖਰਚੇ ‘ਤੇ ਹੋ ਸਕੇਗੀ।

ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਦੱਸਿਆ ਕਿ ਲੋਕਾਂ ਦੀ ਸੇਵਾਂ ਲਈ ਦਿਨ ਰਾਤ ਸਮਰਪਿਤ ਇਹ ਸੈਂਟਰ ਪੂਰਾ ਸਾਲ 24 ਘੰਟੇ ਅਤੇ ਸੱਤੋ ਦਿਨ ਖੁਲ੍ਹਾ ਰਹੇਗਾ ।
ਇਸ ਮੌਕੇ ਕਰਸਨਾ ਡਾਇਗਨੋਸਟਿਕ ਲਿਮਿਟਡ ਦੇ ਸੀਨੀਅਰ ਮੈਨੇਜਰ ਨੇ ਦੱਸਿਆ ਕਿ ਸਮੁੱਚੇ ਪੰਜਾਬ ਦੇ ਸਿਵਲ ਹਸਪਤਾਲਾਂ ਵਿਚ 25 ਸੀ ਟੀ ਸਕੈਨ ਮਸ਼ੀਨਾਂ ਅਤੇ 6 ਐੱਮ ਆਰ ਆਈ ਮਸ਼ੀਨਾਂ ਸਥਾਪਿਤ ਹੋ ਰਹੀਆਂ ਹਨ ਜਿਹਨਾਂ ਵਿਚ ਬਠਿੰਡਾ, ਪਟਿਆਲਾ, ਮੋਹਾਲੀ,ਲੁਧਿਆਣਾ, ਜਲੰਧਰ ਅਤੇ ਅਮਿ੍ਰਤਸਰ ਸ਼ਹਿਰ ਸ਼ਾਮਲ ਹਨ। ਉਹਨਾਂ ਆਖਿਆ ਕਿ ਸਿਵਲ ਹਸਪਤਾਲਾਂ ਵਿਚ ਸੈੱਟ ਕੀਤੇ ਇਸ ਸੈਂਟਰ ਨਾਲ ਹੁਣ ਦੁਰਘਟਨਾਵਾਂ ਦੇ ਸ਼ਿਕਾਰ ਹੋਏ ਮਰੀਜ਼ਾਂ ਨੂੰ ਕਿਸੇ ਹੋਰ ਹਸਪਤਾਲਾਂ ‘ਚ ਰੈਫਰ ਕਰਨ ਦੀ ਬਜਾਏ ਉਹਨਾਂ ਨੂੰ ਹੰਗਾਮੀ ਹਾਲਾਤਾਂ ਵਿਚ ਆਪਣੇ ਹੀ ਸ਼ਹਿਰ ਵਿਚ ਸੀ ਟੀ ਸਕੈਨ ਵਰਗੀਆਂ ਸੁਵਿਧਾਵਾਂ ਬਹੁਤ ਘੱਟ ਖਰਚੇ ਨਾਲ ਮੁਹਈਆ ਕੀਤੀਆਂ ਜਾਣਗੀਆਂ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਪ੍ਰੀਤ ਬਰਾੜ, ਕਰਸਨਾ ਡਾਇਗਨੋਸਟਿਕ ਲਿਮਿਟਡ ਦੇ ਇੰਚਾਰਜ ਅਜੇ ਕੁਮਾਰ, ਪੁਸ਼ਕਰ ਆਰ. ਏ., ਬਲਜੀਤ ਸਿੰਘ ਚਾਨੀ,  ਸਰਬਜੀਤ ਕੌਰ ਰੋਡੇ, ਕਿਰਨ ਹੁੰਦਲ, ਆਪ ਆਗੂ ਬਲਜਿੰਦਰ ਸਿੰਘ ਗੋਰਾ ਖੁਖਰਾਣਾ, ਜਗਦੀਪ ਸਿੰਘ ਜੈਮਲਵਾਲਾ, ਅਮਿਤ ਪੁਰੀ, ਅਮਨ ਰਖਰਾ, ਨਵਦੀਪ ਵਾਲੀਆ, ਪਿਆਰਾ ਸਿੰਘ, ਤੇਜਿੰਦਰ ਬਰਾੜ, ਗੋਰਾ ਗਿੱਲ, ਸੋਨੀਆ ਢੰਡ, ਪੂਨਮ ਨਾਰੰਗ, ਕਮਲਜੀਤ ਕੌਰ, ਦੀਪ ਦਾਰਪੁਰ, ਨਛੱਤਰ ਸਿੰਘ, ਨਰੇਸ਼ ਚਾਵਲਾ, ਗੁਰਜੰਟ ਸੋਸਣ, ਗੁਰਪ੍ਰੀਤ ਸਚਦੇਵਾ, ਅੰਮ੍ਰਿਤ ਸ਼ਰਮਾ ਅਤੇ ਹੋਰ ਆਪ ਆਗੂ ਅਤੇ ਸਮੂਹ ਸਟਾਫ ਵੀ ਹਾਜਰ ਸਨ।