ਮੂੰਗੀ ਤੇ ਸਮਰਥਨ ਮੁੱਲ ਦੇ ਕੇ, ਮੁੱਖ ਮੰਤਰੀ ਨੇ ਹੱਥ 'ਤੇ ਸਰੋਂ ਜਮਾਈ:-ਡਾ: ਅਮਨਦੀਪ ਅਰੋੜਾ
ਮੋਗਾ ,2 ਜੁਲਾਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਦਿੰਦਿਆਂ ਕਹਿਣੀ ਅਤੇ ਕਰਨੀ ਦੇ ਪੂਰੇ ਹੋਣ ਦਾ ਸਬੂਤ ਦਿੱਤਾ ਜਦੋਂ ਉਹਨਾਂ ਮੂੰਗੀ ਦੇ ਐਲਾਨ ਕੀਤੇ 7275 ਰੁਪਏ ਪ੍ਰਤੀ ਕਵਿੰਟਲ ਭਾਅ ਮੁਤਾਬਕ ਕਿਸਾਨਾਂ ਨੂੰ ਅਦਾਇਗੀ ਦੇ ਹੁਕਮ ਜਾਰੀ ਕੀਤੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਮਾਰਕਫੈਡ 7275 ਰੁਪਏ ਪ੍ਰਤੀ ਕਵਿੰਟਲ ਭਾਅ ਮੁਤਾਬਕ ਕਿਸਾਨਾਂ ਤੋਂ ਖਰੀਦ ਕਰ ਰਹੀ ਹੈ ਪਰ ਫਿਰ ਵੀ ਕਈ ਕਿਸਾਨ ਵੀਰਾਂ ਦੀ ਮੂੰਗੀ ਦੀ ਜਿਣਸ ਦੀ ਗੁਣਵੱਤਾ ਕਰਕੇ ਭਾਅ ਘੱਟ ਮਿਲੇ ਸਨ ਪਰ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਿਕ ਵਿਤ ਵਿਭਾਗ ਨੂੰ ਜਾਰੀ ਕੀਤੇ ਹੁਕਮ ਅਨੁਸਾਰ 7275 ਰੁਪਏ ਪ੍ਰਤੀ ਕੁਇੰਟਲ ਤੋਂ ਘੱਟ ਭਾਅ ਤੇ ਵੇਚੀ ਮੂੰਗੀ ਲਈ ਵੀ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਵਾਸਤੇ ਪੰਜਾਬ ਸਰਕਾਰ ਅਦਾਇਗੀ ਕਰੇਗੀ, ਭਾਵ ਜੇ ਕਿਸੇ ਕਿਸਾਨ ਨੇ 6500 ਰੁਪਏ ਪ੍ਰਤੀ ਕੁਇੰਟਲ ਨੂੰ ਮੂੰਗੀ ਵੇਚੀ ਹੈ ਤਾਂ ਉਸ ਨੂੰ ਪਏ ਘਾਟੇ ਦੇ 775 ਰੁਪਏ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਅਦਾ ਕਰੇਗੀ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਆਖਿਆ ਕਿ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਇਸ ਕਰਕੇ ਕਿਸਾਨ ਵੀਰ ਵੀ ਪੰਜਾਬ ਦੇ ਪਾਣੀ ਦੀ ਸੰਜਮ ਨਾਲ ਵਰਤੋਂ ਯਕੀਨੀ ਬਣਾਉਣ ਲਈ, ਕਣਕ ਅਤੇ ਝੋਨੇ ਦੇ ਚੱਕਰ ਚੋਂ ਬਾਹਰ ਆਉਣ ਲਈ ਮਨ ਬਣਾਉਣ।