ਮਾਨ ਸਰਕਾਰ ਦੇ ਆਉਣ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਈ--ਨੈਸਲੇ ਵਰਕਰ ਯੂਨੀਅਨ

ਮੋਗਾ, 10 ਜੂਨ(ਜਸ਼ਨ): ਅੱਜ ਨੈਸਲੇ ਐਮਪਲੋਈ ਯੂਨੀਅਨ ਦਾ ਵਫਦ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਮਿਲਿਆ ਅਤੇ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਡੂੰਗੀ ਵਿਚਾਰ ਚਰਚਾ ਹੋਈ। ਵਿਧਾਇਕਾਂ ਡਾ. ਅਰੋੜਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਨੈਸਲੇ ਐਮਪਲੋਈ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਰਵੀ ਨੇ ਦਸਿਆ ਕਿ ਪੰਜਾਬ ਵਿਚ ਸਰਕਾਰ ਬਦਲਣ ਦੇ ਨਾਲ-ਨਾਲ ਸੂਬੇ ਵਿਚ ਪ੍ਰਸ਼ਾਸਨ ਦੀ ਤਸਵੀਰ ਵੀ ਬਦਲਣ ਲੱਗੀ ਹੈ। ਲਗਭਗ 3 ਮਹੀਨਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੋਂ ਲੈ ਕੇ ਨਵੇਂ ਮੰਤਰੀ ਮੰਡਲ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਕ੍ਰਮ ਸ਼ੁਰੂ ਕੀਤਾ ਹੈ। ਇਸ ਇਕ ਮਹੀਨੇ ਦੇ ਕਾਰਜਕਾਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਜ਼ਿਆਦਾ ਚਰਚਾ ਵਿਚ ਰਹੇ। ਭਗਵੰਤ ਮਾਨ ਦੇ ਤੌਰ ’ਤੇ ਸੂਬੇ ਵਿਚ ਜਿਸ ਤਰ੍ਹਾਂ ਦੇ ਮੁੱਖ ਮੰਤਰੀ ਦੀ ਲੋੜ ਸੀ, ਉਹ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਸਿਆਸੀ ਖੇਤਰਾਂ ਵਿਚ ਭਗਵੰਤ ਮਾਨ ਨੂੰ ਸੁਲਝੇ ਹੋਏ ਯੁਵਾ ਨੇਤਾ ਵਜੋਂ ਪਛਾਣ ਮਿਲ ਰਹੀ ਹੈ, ਜਿਵੇਂ ਕਿ ਪੰਜਾਬ ਵਿਚ ਪਹਿਲਾਂ ਕਿਸੇ ਮੁੱਖ ਮੰਤਰੀ ਦੇ ਨਾਲ ਸ਼ਾਇਦ ਹੀ ਹੋਇਆ ਹੋਵੇ। ਪੰਜਾਬ ਦੇ ਮੁੱਖ ਮੰਤਰੀਆਂ ਦੇ ਤੌਰ ’ਤੇ ਜੇਕਰ ਨਾਂ ਲਏ ਜਾਣ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਹੀ ਹੁਣ ਤੱਕ ਮੁੱਖ ਚਰਚਾ ਦਾ ਵਿਸ਼ਾ ਰਹੇ ਹਨ ਪਰ ਭਗਵੰਤ ਮਾਨ ਇਨ੍ਹਾਂ ਸਾਰੇ ਨੇਤਾਵਾਂ ਤੋਂ ਵੱਖਰਾ ਅਕਸ ਬਣਾਉਣ ਵਿਚ ਸਫਲ ਹੋ ਰਹੇ ਹਨ। ਮਾਨ ਸਰਕਾਰ ਦੇ ਆਉਣ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ। ਲੋਕਾਂ ਨਾਲ ਇਲੈਕਸ਼ਨ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਵੱਲ ਮਾਨ ਸਰਕਾਰ ਲੱਗੀ ਹੋਈ ਹੈ, ਖ਼ਾਸ ਕਰਕੇ ਬਿਜਲੀ ਦੇ ਮੁਫ਼ਤ ਯੂਨਿਟ, ਨਿੱਜੀ ਸਕੂਲਾਂ ’ਤੇ ਪਾਬੰਦੀ, ਦਲਿਤ ਵਰਗ ਲਈ ਐਲਾਨ ਅਤੇ ਨਵੀਂ ਭਰਤੀ ਨੂੰ ਲੈ ਕੇ ਜੋ ਯੋਜਨਾਵਾਂ ਬਣਾਈਆਂ ਗਈਆਂ ਹਨ, ਉਹ ਭਗਵੰਤ ਮਾਨ ਦੇ ਸਿਆਸੀ ਕੈਰੀਅਰ ’ਤੇ ਡੂੰਘੀ ਛਾਪ ਛੱਡ ਰਹੀਆਂ ਹਨ। ਭਗਵੰਤ ਮਾਨ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਨਾਲ ਵੀ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਾਫ਼ੀ ਸੰਤੁਸ਼ਟ ਹਨ। ਉਨ੍ਹਾਂ ਕੋਲ ਸੰਸਦ ਮੈਂਬਰ ਹੋਣ ਦੌਰਾਨ ਜ਼ਮੀਨੀ ਪੱਧਰ ’ਤੇ ਜਾ ਕੇ ਲੋਕਾਂ ਦੇ ਕੰਮ ਕਰਵਾਉਣ ਦਾ ਜੋ ਤਜ਼ਰਬਾ ਹੈ, ਉਹ ਉਨ੍ਹਾਂ ਦੇ ਕਾਫ਼ੀ ਕੰਮ ਆ ਰਿਹਾ ਹੈ। ਪਿੱਛਲੇ ਦਿਨੀ ਮਾਨ ਸਰਕਾਰ ਵੱਲੋਂ ਜੋ ਫੈਸਲੇ ਲਏ ਗਏ ਹਨ ਜਿਵੇ ਰਾਸ਼ਨ ਦੀ ਹੋਮ ਡਿਲੀਵਰੀ, ਇੱਕ ਵਿਧਾਇਕ ਇੱਕ ਪੈਨਸ਼ਨ, ਮਾਇਨਿੰਗ ਤੇ ਪਾਲਿਸੀ, ਸਾਬਕਾ ਮੰਤਰੀਆਂ ਦੀ ਸਕਿਊਰਿਟੀ ਵਾਪਸ ਲੈਣਾ ਆਦਿ ਕੰਮ ਸ਼ਲਗਾਯੋਗ ਹਨ।ਇਸ ਸਮੇਂ ਨੈਸਲੇ ਐਮਪਲੋਈ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਰਵੀ ਦੇ ਨਾਲ ਉਹਨਾਂ ਦੇ ਸਾਥੀ ਪਰਮਜੀਤ ਸਿੰਘ ਸੰਧੂ, ਸਿਮਰਨਜੀਤ ਸਿੰਘ, ਸ਼ਿਵਰਾਜ ਸਿੰਘ, ਰਮਨਦੀਪ ਸਿੰਘ ਕਾਲਾ, ਅਤੇ ਅਮਨ ਰੱਖੜਾ ਮਜ਼ੂਦ ਸਨ।