ਲੋਹ-ਪੁਰਸ਼ ਜਥੇਦਾਰ ਤੋਤਾ ਸਿੰਘ, ਦੇ ਦੇਹਾਂਤ ਨਾਲ ਸੰਜੀਦਾ ਸਿਆਸਤ ਨੂੰ ਘਾਟਾ ਪਿਆ ਹੈ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ
ਮੋਗਾ, 23 ਮਈ (ਜਸ਼ਨ): ਜਥੇਦਾਰ ਤੋਤਾ ਸਿੰਘ, ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਅੱਜ ਇੱਕ ਸਿਆਸੀ ਲੋਹ-ਪੁਰਸ਼ ਦੀ ਲੋਕ-ਜਗਤ ਤੋਂ ਸਰੀਰਕ ਜੁਦਾਈ ਹੋ ਗਈ, ਪਰ ਜੋ ਉਹ ਪਿੱਛੇ ਪੈੜਾਂ ਪਾ ਕੇ ਛੱਡ ਗਏ ਉਸ ਨਾਲ ਲੋਕ-ਮਨਾਂ ਵਿੱਚ ਉਹ ਸਦੀਵੀਂ ਵੱਸਦੇ ਰਹਿਣਗੇ। ਉਹਨਾਂ ਕਿਹਾ ਕਿ ਵਿਰੋਧੀ ਸਿਆਸੀ ਪਾਰਟੀ ‘ਚ ਹੋਣ ਕਰਕੇ ਆਉਣ-ਜਾਣ ਤੇ ਮੇਲ-ਮਿਲਾਪ ਨਾ ਦੇ ਬਰਾਬਰ ਹੋਣ ਦੇ ਬਾਵਜੂਦ ਉਨਾਂ ਨੂੰ ਉਹਨਾਂ ਨੇ ਹਮੇਸ਼ਾਂ ਪਿਤਾ ਦੀ ਥਾਂ ਰੱਖ ਕੇ ਸਤਿਕਾਰ ਦਿੱਤਾ। ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਸੱਚੀਂ-ਮੁੱਚੀਂ ਇੱਕ ਐਸੀ ਪਰਪੱਕ ਸਿਆਸੀ ਸਖਸੀਅਤ ਸਨ ਜੋ ਵਿਰੋਧ ਹੁੰਦਿਆਂ ਵੀ ਟੋਕਣ ਤੇ ਨਸੀਅਤ ਦੇਣ ਦੀ ਸਮਰਥਾ ਤੇ ਜੁਅਰਤ ਰੱਖਦੇ ਸੀ। ਡਾ: ਹਰਜੋਤ ਨੇ ਕਿਹਾ ਕਿ ਜਦ ਉਹ ਮੋਗਾ ਹਲਕੇ ਤੋਂ ਵਿਧਾਇਕ ਬਣੇ ਸਨ ਤਾਂ ਪਿੰਡ ਸੱਦਾ ਸਿੰਘ ਵਾਲਾ ਵਿਖੇ ਵਾਪਰੀ ਇਕ ਘਟਨਾ ਉਪਰੰਤ ਜਥੇਦਾਰ ਤੋਤਾ ਸਿੰਘ ਨੇ ਬਕਾਇਦਾ ਫ਼ੋਨ ਕਰਕੇ ਉਹਨਾਂ ਨੂੰ ਨਸੀਅਤ ਦਿੱਤੀ ਸੀ ਕਿ ਵਿਧਾਇਕ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ ਤੇ ਇਹਦੀ ਮਰਿਆਦਾ ਦਾ ਧਿਆਨ ਰੱਖਣਾ। ਡਾ: ਹਰਜੋਤ ਨੇ ਆਖਿਆ ਕਿ ਜਥੇਦਾਰ ਸਾਬ੍ਹ ਜਿਸ ਨਾਲ ਵੀ ਸਿਆਸੀ ਵਿਰੋਧ ਰੱਖਦੇ ਸੀ ਉਸ ਨਾਲ ਸਿਰੇ ਤੱਕ ਪੂਰੀ ਹਿੰਡ ਨਾਲ ਪੁਗਾਉਂਦੇ ਸੀ, ਪਰ ਕਿਸੇ ਦੇ ਪ੍ਰੀਵਾਰ ਅਤੇ ਧੀ ਭੈਣ ਉਤੇ ਕਦੇ ਉਂਗਲ ਤਾਂ ਕੀ ਚੁੱਕਣੀ, ਧੀ ਭੈਣ ਦਾ ਵਾਸਤਾ ਦੇ ਦਿਓ ਤਾਂ ਮੋਹਰੇ ਹੋ ਖੜ੍ਹ ਜਾਂਦੇ ਸੀ। ਡਾ: ਹਰਜੋਤ ਕਮਲ ਨੇ ਆਖਿਆ ਕਿ ਅਕਾਲੀ ਦੱਲ ਲਈ ਉਹ ਵਕਾਰੀ ਅਹੁਦਿਆਂ ਵਾਲੀ ਸਖਸੀਅਤ ਹੋਵੇਗੀ ਤੇ ਉਨ੍ਹਾਂ ਨੂੰ ਸਿਆਸੀ ਘਾਟਾ ਜਰੂਰ ਰੜਕੇਗਾ ਪਰ ਮੇਰੇ ਵਰਗੇ ਨਵੇਂ ਸਿਆਸਤ ਸਿਖਦਿਆਂ ਲਈ ਉਹ ਰਾਹ ਦਸੇਰਾ ਸਨ ਅਤੇ ਉਹਨਾਂ ਦੇ ਜਾਣ ਨਾਲ ਪਿਆ ਇਹ ਘਾਟਾ ਕੇਵਲ ਅਕਾਲੀਦਲ ਨੂੰ ਹੀ ਨਹੀਂ, ਸੰਜੀਦਾ ਸਿਆਸਤ ਨੂੰ ਪਿਆ ਹੈ।