ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਬਾਘਾਪੁਰਾਣਾ ਵਿੱਚ ਲਗਾਇਆ ਦੁੱਧ ਪਰਖ ਅਤੇ ਜਾਗਰੂਕਤਾ ਕੈਂਪ
ਮੋਗਾ, 23 ਮਈ:(ਜਸ਼ਨ): ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਦੁੱਧ ਦੀ ਗੁਣਵੱਤਾ ਅਤੇ ਉਸ ਵਿੱਚ ਪਾਈਆਂ ਜਾਣ ਵਾਲੀਆਂ ਮਿਲਾਵਟਾਂ ਸੰਬੰਧੀ ਜਾਗਰੂਕ ਕਰਨ ਲਈ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ ਵੱਖ ਥਾਵਾਂ 'ਤੇ ਜਾ ਕੇ ਦੁੱਧ ਜਾਗਰੂਕਤਾ ਅਤੇ ਪਰਖ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸ਼ੁੱਧਤਾ ਬਾਰੇ ਜਾਣਕਾਰੀ ਮਿਲ ਸਕੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੇਅਰੀ ਟ੍ਰੇਨਿੰਗ ਸੈਂਟਰ ਗਿੱਲ ਦੇ ਇੰਚਾਰਜ (ਡਿਪਟੀ ਡਾਇਰੈਕਟਰ) ਸ੍ਰੀ ਰਣਦੀਪ ਹਾਂਡਾ ਨੇ ਦੱਸਿਆ ਕਿ ਅੱਜ ਮਿਤੀ 23 ਮਈ ਨੂੰ ਬਾਘਾਪੁਰਾਣਾ ਦੇ ਵਾਰਡ ਨੰਬਰ 1 ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 22 ਦੁੱਧ ਦੇ ਸੈਂਪਲ ਟੈਸਟ ਕੀਤੇ ਗਏ ਜਿੰਨ੍ਹਾਂ ਵਿੱਚੋਂ 6 ਸੈਂਪਲ ਯੂਰੀਆ ਦੇ, 5 ਸੈਂਪਲ ਨਿਊਟਰਾਲਿਜਰ ਦੇ, 3 ਸੈਂਪਲ ਹਾਈਡ੍ਰੋਜਨ ਪ੍ਰੋਕਸਾਈਡ ਟੈਸਟ ਕੀਤੇ ਗਏ, ਇਨ੍ਹਾਂ ਸੈਂਪਲਾਂ ਵਿੱਚ ਕੋਈ ਮਿਲਾਵਟੀ ਜਾਂ ਹਾਨੀਕਾਰਕ ਤੱਕ ਨਹੀਂ ਪਾਇਆ ਗਿਆ। ਉਨ੍ਹਾ ਕਿਹਾ ਕਿ 6 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਜਿਆਦਾ ਪਾਈ ਗਈ।
ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰੀ ਹਰਪਾਲ ਸਿੰਘ ਨੇ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਵਰਤੇ ਜਾਣ ਵਾਲੇ ਦੁੱਧ ਦੀ ਗੁਣਵੱਤਾ ਬਾਰੇ ਉਨ੍ਹਾਂ ਨੂੰ ਪਤਾ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ।
ਇਸ ਕੈਂਪ ਵਿੱਚ ਗੁਰਲਾਲ ਸਿੰਘ ਡੇਅਰੀ ਟੈਕਨੋਲੋਜਿਸਟ, ਨਵਦੀਪ ਕੌਰ ਡੇਅਰੀ ਵਿਕਾਸ ਇੰਸਪੈਕਟਰ, ਮੋਬਾਇਲ ਇੰਚਾਰਜ ਜ਼ਸਵਿੰਦਰ ਸਿੰਘ, ਦਰਸ਼ਪ੍ਰੀਤ ਸਿੰਘ ਹਾਜ਼ਰ ਸਨ। ਇਸ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।