ਖਾਧ ਪਦਾਰਥ ਵੇਚਣ ਵਾਲੇ ਅਤੇ ਸਕੂਲ ਦੇ 100 ਮੀਟਰ ਦਾਇਰੇ ਵਾਲੇ ਦੁਕਾਨਦਾਰ ਤੰਬਾਕੂ ਪਦਾਰਥ ਨਹੀਂ ਵੇਚ ਸਕਦੇ – ਡਾ. ਹਤਿੰਦਰ ਕਲੇਰ

ਮੋਗਾ 23 ਮਈ (ਜਸ਼ਨ): ਕਰਿਆਨਾ ਦੁਕਾਨਾਂ ਅਤੇ ਹੋਰ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਸਕੂਲਾਂ ਦੇ 100 ਮੀਟਰ ਦਾਇਰੇ ਵਿੱਚ ਕੋਈ ਵੀ ਦੁਕਾਨਦਾਰ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ । ਅਜਿਹਾ ਕਰਨ ਦੀ ਸੂਰਤ ਵਿੱਚ ਉਹਨਾਂ ਨੂੰ ਜੁਰਮਾਨਾ, ਸਜਾ ਅਤੇ ਦੁਕਾਨ ਦਾ ਫੂਡ ਲਾਇਸੈਂਸ ਕੈਂਸਲ ਹੋ ਸਕਦਾ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਨੇ ਅੱਜ ਆਰ.ਕੇ.ਐਸ. ਪਬਲਿਕ ਸਕੂਲ ਮੋਗਾ ਵਿੱਚ ਸਿਹਤ ਵਿਭਾਗ ਮੋਗਾ ਵੱਲੋਂ ਆਯੋਜਿਤ ਕੀਤੇ ਗਏ ਤੰਬਾਕੂ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਦੌਰਾਨ ਕੀਤਾ । ਉਹਨਾਂ ਬੱਚਿਆਂ ਨੂੰ ਜਿੰਦਗੀ ਵਿੱਚ ਕਦੇ ਵੀ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਆਮ ਲੋਕਾਂ ਅਤੇ ਦੁਕਾਨਦਾਰਾ ਦੀ ਸੂਚਨਾ ਸਿਹਤ ਵਿਭਾਗ ਮੋਗਾ ਨੂੰ ਦੇਣ ਸਬੰਧੀ ਕਸਮ ਵੀ ਖਵਾਈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰ ਦੁਕਾਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਸਕੂਲਾਂ, ਕਾਲਜ਼ਾਂ ਆਦਿ ਅੱਗੇ ਤੰਬਾਕੂਨੋਸ਼ੀ ਸਬੰਧੀ ਚਿਤਾਵਨੀ ਬੋਰਡ ਲੱਗਿਆ ਹੋਣਾ ਜਰੂਰੀ ਹੈ, ਨਹੀਂ ਤਾ ਸਬੰਧਿਤ ਅਦਾਰੇ ਦੇ ਮਾਲਕ ਜਾਂ ਮੁਖੀ ਦਾ ਚਲਾਨ ਕੱਟਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਨੂੰ ‘18 ਸਾਲ ਤੋਂ ਘੱਟ ਉਮਰ ਲੋਕਾਂ ਨੂੰ ਤੰਬਾਕੂ ਵੇਚਣ ਦੀ ਮਨਾਹੀ ਹੈ’ ਅਤੇ ‘ਇੱਥੇ ਸਿਗਰਟਨੋਸ਼ੀ ਕਰਨਾ ਮਨ੍ਹਾ ਹੈ, ਪਕੜਿਆ ਜਾਣ ਵਾਲਾ ਖੁਦ ਜਿੰਮੇਵਾਰ ਹੋਵੇਗਾ’ ਦੇ ਚੇਤਾਵਨੀ ਬੋਰਡ ਲਗਾਉਣੇ ਜਰੂਰੀ ਹਨ ਨਹੀਂ ਤਾਂ ਉਹਨਾਂ ਦਾ  ਚਲਾਨ ਕੱਟਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ 4 ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪਾਬੰਦੀ ਹੈ, ਧਾਰਾ 5 ਅਧੀਨ ਤੰਬਾਕੂ ਵਾਲੇ ਪਦਾਰਥਾਂ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ, ਧਾਰਾ 6 ਅਧੀਨ ਸਕੂਲਾਂ, ਕਾਲਜ਼ਾਂ ਦੇ 100 ਮੀਟਰ ਦੇ ਦਾਇਰੇ ਵਿੱਚ ਅਤੇ ਨਾਬਾਲਿਗਾਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ ਹੈ, ਧਾਰਾ 7 ਅਧੀਨ ਤੰਬਾਕੂ ਉਤਪਾਦ ਦੇ 85 ਪ੍ਰਤੀਸ਼ਤ ਹਿੱਸੇ ਤੇ ਵਾਰਨਿੰਗ ਹੋਣਾ ਜਰੂਰੀ ਹੈ ਤੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਤਿੰਨ ਸਾਲ ਦੀ ਸਜਾ ਅਤੇ ਦੋ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਕੋਟਪਾ ਐਕਟ 2003 ਦੇ ਅਧੀਨ ਸਕੂਲਾਂ, ਕਾਲਜ਼ਾਂ ਦੇ 100 ਮੀਟਰ ਦੇ ਦਾਇਰੇ ਵਿੱਚ ਕੋਈ ਤੰਬਾਕੂ ਪਦਾਰਥ ਨਹੀਂ ਵੇਚਿਆ ਜਾ ਸਕਦਾ, ਕੋਈ ਵੀ ਤੰਬਾਕੂ ਵਾਲਾ ਪਦਾਰਥ ਸਾਹਮਣੇ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ, ਲੂਜ਼ ਤੇ ਇੰਪੋਰਟਿਡ ਸਿਗਰਟਾਂ ਅਤੇ ਐਸ ਫੋਰ ਨਹੀਂ ਵੇਚਿਆ ਜਾ ਸਕਦਾ, ਕੋਈ ਵੀ ਤੰਬਾਕੂ ਵੇਚਣ ਵਾਲਾ ਸਿਗਰਟ ਜਲਾਉਣ ਲਈ ਮਾਚਿਸ ਜਾਂ ਲਾਈਟਰ ਗ੍ਰਾਹਕ ਨੂੰ ਨਹੀਂ ਦੇ ਸਕਦਾ ਅਤੇ ਸਰਕਾਰੀ ਹਦਾਇਤਾਂ ਮੁਤਾਬਿਕ ਦੁਕਾਨ ਤੇ ਚੇਤਾਵਨੀ ਬੋਰਡ ਲੱਗਾ ਹੋਣਾ ਜਰੂਰੀ ਹੈ । ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਹਰਿੰਦਰ ਪਾਲ ਸ਼ਰਮਾ ਨੇ ਬੱਚਿਆਂ ਨੂੰ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਨੇੜੇ ਨਾ ਖੜਨ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਸਮਾਜ ਨੂੰ ਬਚਾ ਕੇ ਰੱਖਣ ਲਈ ਸਿਹਤ ਵਿਭਾਗ ਮੋਗਾ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬੱਚੇ ਆਪਣੇ ਆਲੇ ਦੁਆਲੇ ਨੂੰ ਤੰਬਾਕੂ ਮੁਕਤ ਕਰਨ ਵਿੱਚ ਵੱਡਾ ਅਤੇ ਉਸਾਰੂ ਰੋਲ ਅਦਾ ਕਰ ਸਕਦੇ ਹਨ । ਇਸ ਮੌਕੇ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਰਜਨੀ ਅਰੋੜਾ ਨੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕਲੇਰ, ਜਿਲਾ ਸਿਹਤ ਅਫਸਰ ਡਾ. ਹਰਿੰਦਰ ਸ਼ਰਮਾ, ਜਿਲਾ ਐਪੀਡੀਮਾਲੋਜਿਸਟ ਡਾ. ਨਰੇਸ਼ ਅਤੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦਾ ਸਕੂਲ ਵਿੱਚ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ ਅਤੇ ਦਿੱਤੀ ਗਈ ਜਾਣਕਾਰੀ ਨੂੰ ਬੱਚਿਆਂ ਲਈ ਕੀਮਤੀ ਦੱਸਿਆ । ਸਕੂਲ ਦੇ ਬੱਚਿਆਂ ਵੱਲੋਂ ਤੰਬਾਕੂ ਸੰਬਧੀ ਜਾਗਰੂਕਤਾ ਪੋਸਟਰ ਵੀ ਤਿਆਰ ਕੀਤੇ ਹੋਏ ਸਨ, ਜਿਸ ਨੂੰ ਵੇਖ ਕੇ ਸਿਵਲ ਸਰਜਨ ਮੋਗਾ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਬੱਚਿਆਂ ਨੂੰ ਮੌਕੇ ਤੇ ਆਪਣੇ ਵੱਲੋਂ ਤੋਹਫੇ ਵੀ ਦਿੱਤੇ।  ਸਕੂਲ ਪਿ੍ਰੰਸੀਪਲ ਵੱਲੋਂ ਇਸ ਮੌਕੇ ਉਕਤ ਸਾਰੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ । ਇਸ ਮੌਕੇ ਇੰਸੈਕਟ ਕਗੁਲੈਕਟਰ ਵਪਿੰਦਰ ਸਿੰਘ, ਸਕੂਲ ਸਟਾਫ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜਰ ਸਨ।