ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ, ਅੱਜ ਤੜਕਸਾਰ ਲਿਆ ਆਖਰੀ ਸਾਹ, 24 ਮਈ ਨੂੰ ਹੋਵੇਗਾ ਅੰਤਿਮ ਸਸਕਾਰ, ਵੱਖ ਵੱਖ ਰਾਜਨੀਤਕ ਸ਼ਖਸੀਅਤਾਂ ਨੇ ਕੀਤਾ ਦੁੱਖ ਦਾ ਇਜ਼ਹਾਰ
ਮੋਗਾ, 21 ਮਈ (ਜਸ਼ਨ): ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ। ਉਹਨਾਂ ਅੱਜ ਸਵੇਰੇ 4.40 ਮਿੰਟ ’ਤੇ ਆਖਰੀ ਸਾਹ ਲਿਆ ਅਤੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਜਥੇਦਾਰ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਪੀ ਏ ਗੁਰਜੰਟ ਸਿੰਘ ਰਾਮੂੰਵਾਲਾ ਨੇ ਦੱਸਿਆ ਕਿ ਜਥੇਦਾਰ ਤੋਤਾ ਸਿੰਘ ਦਾ ਅੰਤਿਮ ਸਸਕਾਰ ਉਹਨਾਂ ਦੇ ਛੋਟੇ ਬੇਟੇ ਅਤੇ ਬੇਟੀ ਦੇ ਵਿਦੇਸ਼ ਤੋਂ ਵਾਪਸ ਪਰਤਣ ’ਤੇ 24 ਮਈ 2022 ਦਿਨ ਮੰਗਲਵਾਰ ਨੂੰ 11 ਵਜੇ , ਮੋਗਾ ਫਿਰੋਜ਼ਪੁਰ ਰੋੋਡ ’ਤੇ ਪਿੰਡ ਦੁੱਨੇਕੇ ਸਥਿੱਤ ਉਹਨਾਂ ਦੀ ਰਿਹਾਇਸ਼ ਵਿਖੇ ਕੀਤਾ ਜਾਵੇਗਾ ।
ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਪਤਾ ਲੱਗਦਿਆਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ, ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ, ਰਾਜਵੰਤ ਸਿੰਘ ਮਾਹਲਾ, ਦਵਿੰਦਰ ਰਣੀਆ,ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਚਰਨਜੀਤ ਸਿੰਘ ਝੰਡੇਆਣਾ, ਕੌਂਸਲਰ ਗੌਰਵ ਗੁੱਡੂ ਗੁਪਤਾ, ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿਚ ਉਹਨਾਂ ਦੀ ਮੋਗਾ ਰਿਹਾਇਸ਼ ’ਤੇ ਪਹੁੰਚੇ ਅਤੇ ਉਹਨਾਂ ਨੇ ਜਥੇਦਾਰ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਦੁੱਖ ਸਾਂਝਾ ਕੀਤਾ।
ਜਥੇਦਾਰ ਦੀ ਨੂੰਹ ਬੀਬੀ ਤੇਜਿੰਦਰ ਕੌਰ ਨੇ ਦੱਸਿਆ ਕਿ ਜਥੇਦਾਰ ਜੀ ਪਿਛਲੇ ਕਈ ਦਿਨਾਂ ਤੋਂ ਫੇਫੜਿਆਂ ਦੇ ਸੰਕਰਮਣ ਤੋਂ ਪੀੜਤ ਸਨ ਪਰ ਸਿਰੜੀ ਹੋਣ ਕਰਕੇ ਉਹ ਇਸ ਬੀਮਾਰੀ ਤੋਂ ਉੱਭਰ ਆਏ ਸਨ ਪਰ ਬੀਤੇ ਕੱਲ ਦੁਬਾਰਾ ਸਮੱਸਿਆ ਹੋਣ ’ਤੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਤੜਕਸਾਰ ਉਹਨਾਂ ਦੀ ਮੌਤ ਹੋ ਗਈ ।
ਜਥੇਦਾਰ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ ਤੋਂ ਮੁਹਾਲੀ ਲਈ ਰਵਾਨਾ ਹੋ ਗਏ।
ਸਵਰਗੀ ਬਾਬੂ ਸਿੰਘ ਦੇ ਗ੍ਰਹਿ 2 ਮਾਰਚ 1941 ਨੂੰ ਜਨਮੇਂ ਜੱਥੇਦਾਰ ਤੋਤਾ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ’ਤੇ 1997 ਵਿਚ ਮੋਗਾ ਤੋਂ ਵਿਧਾਨ ਸਭਾ ਚੋਣਾ ਲੜੇ ਅਤੇ ਜਿੱਤ ਦਰਜ ਕਰਕੇ 97 ਤੋਂ 2002 ਤੱਕ ਸਿੱਖਿਆ ਮੰਤਰੀ ਰਹੇ। ਜਥੇਦਾਰ 2002 ਵਿਚ ਮੋਗਾ ਤੋਂ ਦੁਬਾਰਾ ਵਿਧਾਨ ਸਭਾ ਚੋਣਾਂ ਜਿੱਤੇ ਪਰ ਉਸ ਸਮੇਂ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ।
2012 ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਜਥੇਦਾਰ ਤੋਤਾ ਸਿੰਘ ਨੂੰ ਹਲਕਾ ਧਰਮਕੋਟ ਤੋਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿਚ ਉਤਾਰਿਆ ਅਤੇ ਉਹ ਉੱਥੇ ਜਿੱਤ ਕੇ ਵਿਧਾਇਕ ਬਣਕੇ ਕੈਬਨਿਟ ਮੰਤਰੀ ਬਣੇ। ਜਥੇਦਾਰ ਤੋਤਾ ਸਿੰਘ 2012 ਤੋਂ 2017 ਦੇ ਕਾਰਜਕਾਲ ਦੌਰਾਨ ਖੇਤੀਬਾੜੀ ਮੰਤਰੀ ਬਣੇ ਅਤੇ ਪ੍ਰਵਾਸੀ ਮਾਮਲਿਆਂ ਦਾ ਵਿਭਾਗ ਵੀ ਸੰਭਾਲਿਆ।
ਜਥੇਦਾਰ ਤੋਤਾ ਸਿੰਘ 1985 ਤੋਂ 1987 ਤੱਕ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ। ਉਹ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਸਾਲ ਮੈਂਬਰ ਵੀ ਰਹੇ।
ਜਥੇਦਾਰ ਤੋਤਾ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਡਾ: ਹਰਜੋਤ ਕਮਲ, ਅਸ਼ਵਨੀ ਕੁਮਾਰ ਪਿੰਟੂ, ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ, ਬਾਲ ਕ੍ਰਿਸ਼ਨ ਬਾਲੀ ਪ੍ਰਧਾਨ ,ਰਜਿੰਦਰਪਾਲ ਸਿੰਘ ਥਰਾਜ, ਬੂਟਾ ਸਿੰਘ ਦੌਲਤਪੁਰਾ, ਰਜਿੰਦਰ ਸਿੰਘ ਡੱਲਾ, ਬੂਟਾ ਸਿੰਘ ਸੋਸਣ, ਭੁਪਿੰਦਰ ਸਿੰਘ ਜੋਗੇਵਾਲਾ, ਅਮਿ੍ਰਤਸਰ ਤੋਂ ਦਿਲਬਾਗ ਸਿੰਘ ਵਡਾਲੀ , ਗੁਰਦਿਆਲ ਸਿੰਘ ਬੁੱਟਰ, ਜਤਿੰਦਰਪਾਲ ਖੋਸਾ, ਕੌਂਸਲਰ ਗੋਵਰਧਨ ਪੋਪਲੀ, ਪ੍ਰੇਮ ਚੱਕੀ ਵਾਲਾ, ਰਾਜਪਾਲ ਸਿੰਘ ਭੰਗੂ, ਰਾਕੇਸ਼ ਸਿਤਾਰਾ , ਬਲਬੀਰ ਸਿੰਘ ਰਾਮੂੰਵਾਲਾ, ਸੁਖਚੈਨ ਸਿੰਘ ਰਾਮੰੂਵਾਲਾ , ਕੌਂਸਲਰ ਮਨਜੀਤ ਧੰਮੂ, ਸਰਪੰਚ ਨਰਿੰਦਰ ਬੁੱਕਣਵਾਲਾ, ਜੱਸ ਮੰਗੇਵਾਲਾ, ਜਗਤਾਰ ਸਿੰਘ ਚੋਟੀਆਂ ,ਰਵਦੀਪ ਸਿੰਘ ਸੰਘਾ ਅਤੇ ਅਕਾਲੀ ਕੌਂਸਲਰ ਹਾਜ਼ਰ ਸਨ।