ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ, ਅੱਜ ਤੜਕਸਾਰ ਲਿਆ ਆਖਰੀ ਸਾਹ

ਮੋਗਾ, 21 ਮਈ (ਜਸ਼ਨ): ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨਹੀਂ ਰਹੇ। ਉਹਨਾਂ ਅੱਜ ਸਵੇਰੇ 4.40 ਮਿੰਟ ’ਤੇ ਆਖਰੀ ਸਾਹ ਲਿਆ ਅਤੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਸ਼੍ਰੋਮਣੀ ਅਕਾਲੀ ਦਲ ਵਿਚ ਵੱਡੇ ਥੰਮ ਵਜੋਂ ਜਾਣੇ ਜਾਂਦੇ ਜਥੇਦਾਰ ਤੋਤਾ ਸਿੰਘ ਦੇ ਅਕਾਲ ਚਲਾਣੇ ਨਾਲ ਸ਼ੋ੍ਰਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ । ਜਥੇਦਾਰ ਦੀ ਨੂੰਹ ਬੀਬੀ ਤੇਜਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਦਾਰ ਜੀ ਪਿਛਲੇ ਕਈ ਦਿਨਾਂ ਤੋਂ ਫੇਫੜਿਆਂ ਦੀ ਇੰਨਫੈਕਸ਼ਨ ਤੋਂ ਪੀੜਤ ਸਨ ਪਰ ਸਿਰੜੀ ਹੋਣ ਕਰਕੇ ਉਹ ਇਸ ਬੀਮਾਰੀ ਤੋਂ ਉੱਭਰ ਆਏ ਸਨ ਪਰ ਬੀਤੇ ਕੱਲ ਦੁਬਾਰਾ ਸਮੱਸਿਆ ਹੋਣ ’ਤੇ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਅੱਜ ਤੜਕਸਾਰ ਉਹਨਾਂ ਦੀ ਮੌਤ ਹੋ ਗਈ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਜਥੇਦਾਰ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ ਤੋਂ ਮੁਹਾਲੀ ਲਈ ਰਵਾਨਾ ਹੋ ਗਏ।  ਗੁਰਜੰਟ ਸਿੰਘ ਰਾਮੂੰਵਾਲਾ ਪੀ ਏ ਨੇ ਦੱਸਿਆ ਕਿ ਜਥੇਦਾਰ ਜੀ ਦਾ ਅੰਤਿਮ ਸਸਕਾਰ ਉਹਨਾਂ ਦੇ ਛੋਟੇ ਬੇਟੇ ਅਤੇ ਬੇਟੀ ਦੇ ਵਿਦੇਸ਼ ਤੋਂ ਵਾਪਸ ਪਰਤਣ ’ਤੇ ਕੀਤਾ ਜਾਵੇਗਾ।