ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਰਾਸ਼ਟਰੀ ਡੇਂਗੂ ਜਾਗਰੂਕਤਾ ਦਿਵਸ ਮਨਾਇਆ ਗਿਆ
ਮੋਗਾ, 16 ਮਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਡੈਂਗੂ ਵਰਗੀ ਮਹਾਮਾਰੀ ਤੋਂ ਜਾਗਰੂਕ ਕਰਨ ਦੇ ਉਦੇਸ਼ ਨਾਲ ਵਰਕਸ਼ਾਪ ਲਗਾਈ ਗਈ। ਇਸ ਮੌਕੇ ਡਾਕਟਰ ਰਾਜੇਸ਼ ਪਾਠਕ (Consultant – Pediatrics & Neonatology ਨਾਰਾਇਣ ਮਲਟੀ ਸਪੈਸ਼ਲਿਟੀ ਹਸਪਤਾਲ ਜੈਪੁਰ) ਦੀ ਵੀਡੀਓ ਦੁਆਰਾ ਡੇਂਗੂ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਉਨ੍ਹਾਂ ਨੇ ਡੇਂਗੂ ਬਿਮਾਰੀ ਦੇ ਪੈਦਾ ਹੋਣ ਦਾ ਕਾਰਨ, ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਵੀਡੀਓ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਇਕ ਮੋਸਮੀ ਅਤੇ ਵਾਇਰਸ ਦੁਆਰਾ ਫੈਲਣ ਵਾਲੀ ਬੀਮਾਰੀ ਹੈ। ਬਰਸਾਤ ਦੇ ਮੌਸਮ ਵਿਚ ਇਸ ਬਿਮਾਰੀ ਦੇ ਫੈਲਣ ਦਾ ਹੋਰ ਵੀ ਡਰ ਬਣਿਆ ਰਹਿੰਦਾ ਹੈ। ਇਹ ਮੱਛਰ ਮਾਦਾ ਐਂਡੀਜ ਮੱਛਰ ਦੇ ਕੱਟਣ ਦੁਆਰਾ ਫੈਲਦਾ ਹੈ। ਇਸ ਬਿਮਾਰੀ ਦੇ ਅਲੱਗ - ਅਲੱਗ ਸਟੇਜਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾਕਟਰ ਸਾਹਿਬ ਨੇ ਡੇਂਗੂ ਤੋਂ ਬਚਣ ਲਈ ਵੱਖ-ਵੱਖ ਉਪਾਅ ਦੱਸੇ ਕਿ ਆਪਣੇ ਘਰਾਂ ਵਿਚ ਛੱਤਾਂ ਤੇ ਗਮਲਿਆਂ ਵਿੱਚ, ਪੁਰਾਣੇ ਟਾਇਰਾਂ ਜਾਂ ਕੁਲਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਪਾਣੀ ਉੱਤੇ ਮੱਛਰ ਮਾਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਕਰਦੇ ਰਹੋ। ਆਪਣੇ ਸ਼ਰੀਰ ਨੂੰ ਢੱਕ ਕੇ ਰੱਖੋ। ਇਸ ਮੌਕੇ ਸਕੂਲ ਦੇ ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਵੀ ਮੌਜੂਦ ਸਨ। ਇਸ ਤੋਂ ਬਾਅਦ ਪ੍ਰਿੰਸਿਪਲ ਮੈਡਮ ਸਤਵਿੰਦਰ ਕੌਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਪ੍ਰਿੰਸਿਪਲ ਮੈਡਮ ਨੇ ਸਕੂਲ ਦੇ ਡਰਾਈਵਰਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਵੀ ਇਸ ਬਿਮਾਰੀ ਤੋਂ ਬਚਣ ਲਈ ਜਾਣਕਾਰੀ ਦਿੱਤੀ ਤਾਂ ਜੋ ਡੈਂਗੂ ਵਰਗੀ ਬਿਮਾਰੀ ਤੋਂ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਸਕੇ।