ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਮਹਾਂਮਾਈ ਦੇ ਜਾਗਰਣ ਵਿਚ ਕੀਤੀ ਸ਼ਮੂਲੀਅਤ

ਮੋਗਾ, 9 ਮਈ (ਜਸ਼ਨ): ‘ਭਾਰਤੀ ਸੰਸਕ੍ਰਿਤੀ ਦੁਨੀਆਂ ਭਰ ਵਿਚ ਮਹਾਨ ਸੰਸਕ੍ਰਿਤੀ ਵਜੋਂ ਆਪਣੀ ਪਛਾਣ ਰੱਖਦੀ ਹੈ ਅਤੇ ਮਹਾਂਨ ਦੇਵੀ ਦੇਵਤਾਵਾਂ ਦੇ ਨਾਲ ਰਿਸ਼ੀਆਂ ਮੁਨੀਆਂ ਅਤੇ ਪੀਰਾਂ ਫਕੀਰਾਂ ਦੀ ਚਰਨ ਛੋਹ ਸਾਡਾ ਪੰਜਾਬ ਸਾਂਝੀਵਾਲਤਾ ਦਾ ਪ੍ਰਤੀਕ ਬਣਿਆ ਹੋਇਆ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਨਿਊ ਟਾਊਨ ਗਲੀ ਨੰਬਰ 5 ਵਿਖੇ ਮਹਾਂਮਾਈ ਦੇ ਜਾਗਰਣ ਵਿਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ: ਹਰਜੋਤ ਨੇ ਮਹਾਂਮਾਈ ਦੇ ਦਰਬਾਰ ਵਿਚ ਨਤਮਸਤਕ ਹੋਣ ਉਪਰੰਤ ਪੰਜਾਬ ਵਿਚ ਅਮਨ ਅਮਾਨ ਲਈ ਕਾਮਨਾ ਕਰਦਿਆਂ ਆਖਿਆ ਕਿ ਸਦੀਆਂ ਤੋਂ ਪੰਜਾਬੀ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਰਲ ਮਿਲ ਕੇ ਮਨਾਉਂਦੇ ਹਨ ਇਸੇ ਕਰਕੇ ਦੀਵਾਲੀ , ਲੋਹੜੀ ਜਾਂ ਫਿਰ ਹੋਲੀ ਹੋਵੇ ਤੇ ਜਾਂ ਫਿਰ ਧਾਰਮਿਕ ਸਮਾਗਮ ਹੋਣ ਹਰ ਧਰਮ ਦੇ ਲੋਕ ਸ਼ਮੂਲੀਅਤ ਕਰਦਿਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ। ਉਹਨਾਂ ਆਖਿਆ ਕਿ ਉਹ ਆਪਣੇ ਮੋਗਾ ਹਲਕੇ ਦੇ ਸਮੂਹ ਵਾਸੀਆਂ ਨੂੰ ਆਪਣਾ ਵੱਡਾ ਪਰਿਵਾਰ ਸਮਝਦੇ ਨੇ ਅਤੇ ਅੱਜ ਜਾਗਰਣ ਵਿਚ ਸ਼ਮੂਲੀਅਤ ਕਰਦਿਆਂ ਉਹਨਾਂ ਨੇ ਆਪਣੇ ਇਸ ਵੱਡੇ ਪਰਿਵਾਰ ਦੇ ਹਰ ਜੀਅ ਲਈ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਲਈ ਮਹਾਂਮਾਈ ਦੇ ਚਰਨਾ ਵਿਚ ਅਰਜੋਈ ਕੀਤੀ ਹੈ ਤਾਂ ਕਿ ਮੋਗਾ ਹਲਕੇ ਦੇ ਹਰ ਘਰ ਵਿਚ ਖੁਸ਼ੀਆਂ ਖੇੜੇ ਬਣੇ ਰਹਿਣ।