ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ‘ਚ ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਨੇ, ਪੰਜਾਬ ਦੇ ਭੱਖਦੇ ਮਸਲਿਆਂ ਸਬੰਧੀ, ਡਿਪਟੀ ਕਮਿਸ਼ਨਰ ਨੂੰ ਦਿੱਤਾ ਮੈਮੋਰੰਡਮ
ਮੋਗਾ,9 ਮਈ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੀਆਂ ਨਾਕਾਮੀਆ ਵਿਰੁੱਧ ਪੰਜਾਬ ਦੇ ਸਾਰੇ ਜਿਲ੍ਹਾ ਹੈੱਡਕੁਅਟਰਾਂ ’ਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸੇ ਤਰਾਂ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਅਗਵਾਈ ‘ਚ ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਨੇ, ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੂੰ ਮੌਮੋਰੰਡਮ ਦਿੱਤਾ।
ਮੰਗ ਪੱਤਰ ਵਿਚ ਪੰਜਾਬ ਨੂੰ ਦਰਪੇਸ਼ ਬਿਜਲੀ ਸਮੱਸਿਆ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ, ਗਰਮੀ ਵੱਧਣ ਨਾਲ ਕਣਕ ਦੇ ਝਾੜ ਵਿਚ ਆਈ ਵੱਡੀ ਕਮੀ ਨਾਲ ਕਿਸਾਨਾਂ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਲਈ ਪੀੜਤ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ, ਸੂਬੇ ਵਿਚ ਨਿੱਘਰਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਕਰਨ , ਡੀਜ਼ਲ ਪੈਟਰੋਲ ਅਤੇ ਰਸੋਈ ਗੈਸ ਦੀ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਤੁਰੰਤ ਟੈਕਸਾਂ ਵਿਚ ਕਟੌਤੀ ਕਰਨ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਟੈਕਸ ਘੱਟ ਕਰਨ ਲਈ ਦਬਾਅ ਪਾਉਣ ਦੀ ਮੰਗ ਕੀਤੀ।
26 ਅਪਰੈਲ ਨੂੰ ਪੰਜਾਬ ਸਰਕਾਰ ਵੱਲੋਂ ਦਿੱਲੀ ਸੂਬੇ ਦੀ ਸਰਕਾਰ ਨਾਲ ਕੀਤੇ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਸਮਝੌਤੇ ਨਾਲ ਅਸਿੱਧੇ ਤੌਰ ’ਤੇ ਪੰਜਾਬ ਦੀ ਵਾਗਡੋਰ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿਚ ਆਉਣ ਨਾਲ ਗੈਰਤਮੰਦ ਪੰਜਾਬੀ ਚਿੰਤਤ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਰਾਜਪਾਲ ਸਾਬ੍ਹ ਖੁਦ ਇਸ ਸਮਝੌਤੇ ਨੂੰ ਰੱਦ ਕਰਕੇ ਪੰਜਾਬ ਸਰਕਾਰ ਨੂੰ ਸਖਤੀ ਨਾਲ ਤਾੜਨਾ ਕਰੇ ਤਾਂ ਕਿ ਭਵਿੱਖ ਵਿਚ ਅਜਿਹੀਆਂ ਕਾਰਵਾਈਆਂ ’ਤੇ ਰੋਕ ਲਗਾਈ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ, ਰਾਜਵੰਤ ਸਿੰਘ ਮਾਹਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਸਮੇਂ ਪੰਜਾਬ ਬਿਜਲੀ ਦੇ ਖੇਤਰ ਵਿਚ ‘ਸਰਪਲੱਸ ਸੂਬਾ’ ਸੀ ਪਰ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੀਆਂ ਗਲਤ ਨੀਤੀਆਂ ਦੀ ਬਦੌਲਤ ਸੂਬੇ ਨੂੰ ਗੰਭੀਰ ਬਿਜਲੀ ਸਕੰਟ ਦਾ ਸਾਹਮਣਾ ਕਰਨਾ ਪੈ ਰਿਹਾ ਹੈੇ ਜਦਕਿ ਪੰਜ ਸਾਲਾਂ ਬਾਅਦ ਸੂਬੇ ਵਿਚ ਬਿਜਲੀ ਦੀ ਖਪਤ ਬਹੁਤ ਵੱਧ ਚੁੱਕੀ ਹੈ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਵੀ ਬਿਜਲੀ ਸੰਕਟ ਦੇ ਹੱਲ ਲਈ ਸੰਜੀਦਾ ਨਹੀਂ ਜਾਪ ਰਹੀ ਹੈ ਅਤੇ ਇਸ ਦਾ ਖਮਿਆਜ਼ਾ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਸਹਿਣਾ ਕਰਨਾ ਪੈਣਾ ਹੈ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਅਸਲ ਵਿਚ ਉਹ ਸੂਬੇ ਦੀ ਵਾਗਡੋਰ ਅਸਿੱਧੇ ਤੌਰ ’ਤੇ ਅਰਵਿੰਦ ਕੇਜਰੀਵਾਲ ਨੂੰ ਦੇ ਚੁੱਕੀ ਹੈ ਜਿਸ ਦੀ ਉਦਾਰਹਰਨ ਦਿੱਲੀ ਮੰਤਰੀਆਂ ਵੱਲੋਂ ਲਗਾਤਾਰ ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿਚ ਵਿਚ ਆਉਣ ਜਾਣ ਦੀ ਖੁੱਲ੍ਹੀ ਛੁੱਟੀ ਤੋਂ ਪਤਾ ਲੱਗਦਾ ਹੈ । ਉਹਨਾਂ ਆਖਿਆ ਕਿ ਅਜਿਹਾ ਵਰਤਾਰਾ ਮੰਤਰੀਆਂ ਵੱਲੋਂ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਸਾਰੇ ਸਰਕਾਰ ਭੇਦ ਗੁਪਤ ਰੱਖਣ ਦੀ ਸੰਹੂ ਦੀ ਘੋਰ ਉਲੰਘਣਾ ਹੈ ।
ਮੰਗ ਪੱਤਰ ਦੇਣ ਮੌਕੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ, ਰਾਜਵੰਤ ਸਿੰਘ ਮਾਹਲਾ,ਰਜਿੰਦਰ ਸਿੰਘ ਡੱਲਾ,ਪ੍ਰੇਮ ਚੱਕੀ ਵਾਲਾ, ਚਰਨਜੀਤ ਸਿੰਘ ਝੰਡੇਆਣਾ, ਬੂਟਾ ਸਿੰਘ ਦੌਲਤਪੁਰਾ, ਮਨਜੀਤ ਸਿੰਘ ਧੰਮੂ ਕੌਂਸਲਰ ਤੋਂ ਇਲਾਵਾ ਅਕਾਲੀ ਆਗੂ ਹਾਜ਼ਰ ਸਨ।