ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਭਾਰਤੀ ਜਨਤਾ ਪਾਰਟੀ ਨੇ ਕੀਤਾ ਰੋਹ ਭਰਪੂਰ ਪ੍ਰਦਰਸ਼ਨ

* ਆਮ ਆਦਮੀ ਪਾਰਟੀ ਨੇ, ਦਿੱਲੀ ਦਾ ਝੂਠਾ ਮਾਡਲ ਦਿਖਾ ਕੇ ਪੰਜਾਬ ਨੂੰ ਠੱਗਿਆ ਤੇ ਹੁਣ ਗੁਜਰਾਤ ਅਤੇ ਹਿਮਾਚਲ ਨੂੰ ਠੱਗਣ ਦੀ ਤਿਆਰੀ ਐ: ਡਾ: ਹਰਜੋਤ ਕਮਲ
ਮੋਗਾ,5 ਮਈ(ਜਸ਼ਨ): ਪੰਜਾਬ ਵਿਚ ਰਾਜ ਕਰ ਰਹੀ ਸੱਤਾ ਧਿਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਜਨਤਾ ਨੂੰ ਮਿਲ ਰਹੀਆਂ ਸਹੂਲਤਾਂ ’ਤੇ ਕੈਚੀ ਫੇਰਨ ਖਿਲਾਫ਼ ਅੱਜ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਭਾਜਪਾ ਆਗੂਆਂ ਨੇ ਇਕੱਤਰ ਹੋ ਕੇ ਸਰਕਾਰ ਦੀਆਂ ਨਾਅਹਿਲੀਅਤ ਵਾਲੇ ਰਵਈਏ ’ਤੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਵਿਚ ਭਾਜਪਾ ਦੀ ਜ਼ਿਲ੍ਹਾ ਇਕਾਈ ਅਤੇ ਭਾਜਪਾ ਵਰਕਰਾਂ ਨੇ ਧਰਨੇ ਵਿਚ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ।
ਧਰਨੇ ਦੌਰਾਨ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮੁੱਚੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਧਰਨੇ ਲਗਾਏ ਜਾ ਰਹੇ ਹਨ । ਉਹਨਾਂ ਆਖਿਆ ਕਿ ਪੰਜਾਬ ਵਿਚ ਜਿੱਥੇ ਕਣਕ ਦੀ ਕਟਾਈ ਦਾ ਕੰਮ ਨਿਬੜਨ ਵਾਲਾ ਹੈ ਉਥੇ ਆਉਣ ਵਾਲੇ ਕੁਝ ਹਫ਼ਤਿਆਂ ਬਾਅਦ ਝੋਨੇ ਦੀ ਬਿਜਾਈ ਸੁਰੂ ਹੋ ਜਾਣੀ ਹੈ ਪਰ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਕਾਰਨ ਕਿਸਾਨ ਡਾਹਢੇ ਪਰੇਸ਼ਾਨ ਹੋ ਰਹੇ ਹਨ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਦੇਣ ਦੇ ਵਾਅਦੇ ਤੋਂ ਪਲਟ ਗਈ ਹੈ ਅਤੇ ਬਿਜਲੀ ਬਿੱਲਾਂ ਵਿਚ ਵਿਚ ਦਿੱਤੀਆਂ ਜਾਣ ਵਾਲੀਆਂ ਛੋਟਾਂ ਵਾਲੀ ਨੀਤੀ ਨੇ ਸਮਾਜ ਅਤੇ ਪਰਿਵਾਰਾਂ ਵਿਚ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ । 
ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਪੰਜਾਬ ਦੇ ਇਕ ਵਾਰ ਫਿਰ ਅੱਤਵਾਦ ਵੱਲ ਧੱਕੇ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ ।  ਉਹਨਾਂ ਆਖਿਆ ਕਿ ਪਿਛਲੇ ਦਿਨੀਂ ਪਟਿਆਲਾ ਵਿਖੇ ਹੋਈ ਘਟਨਾ ਤੋਂ ਬਾਅਦ ਸਰਕਾਰ ਦੀ ਅੱਖ ਖੁਲ੍ਹੀ ਹੈ ਜਦਕਿ ਸ਼ਿਵ ਸੈਨਾ ਵਾਲੇ ਘਟਨਾ ਵਾਪਰਨ ਤੋਂ ਇਕ ਹਫ਼ਤਾ ਪਹਿਲਾਂ ਪ੍ਰਚਾਰ ਕਰ ਰਹੇ ਸਨ। ਉਹਨਾਂ ਆਖਿਆ ਕਿ ਹੁਣ ਜਦੋਂ ਪਟਿਆਲਾ ‘ਚ ਭਾਈਚਾਰਕ ਸਾਂਝ ਤਾਰ ਤਾਰ ਹੋਈ ਤਾਂ ਆਮ ਆਦਮੀ ਆਦਮੀ ਪਾਰਟੀ ਨੇ ਭਾਜਪਾ ’ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਆਖਿਆ ਕਿ ਸ਼ਿਵ ਸੈਨਾ ਵਾਲਿਆਂ ਨਾਲ ਭਾਜਪਾ ਦਾ ਦੂਰ ਦੂਰ ਦਾ ਵਾਸਤਾ ਨਹੀਂ ਹੈ। 
ਡਾ: ਹਰਜੋਤ ਕਮਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਅਤੇ ਉਚੇਚੇ ਯਤਨਾ ਨਾਲ ਸਭ ਧਰਮਾਂ ਦੇ ਲੋਕਾਂ ਲਈ ਕਰਤਾਰਪੁਰ ਲਾਘਾਂ ਖੋਲ੍ਹਿਆ ਜਿਸ ਲਈ ਕਿ ਸਿੱਖ ਧਰਮ ਦੇ ਲੋਕ ਸਦੀਆਂ ਤੋਂ ਅਰਦਾਸ ਕਰ ਰਹੇ ਸਨ। ਉਹਨਾਂ ਆਖਿਆ ਕਿ ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ’ਤੇ ਸ਼੍ਰੀ ਮੋਦੀ ਆਪ ਦਸਤਾਰ ਸਜਾ ਕੇ ਇਸ ਪਰਬ ਨੂੰ ਮਨਾਉਣ ਲਈ ਪਹੰੁਚੇ। ਡਾ: ਹਰਜੋਤ ਕਮਲ ਨੇ ਆਖਿਆ ਕਿ ਹਿੰਦ ਦੀ ਚਾਦਰ ਕਹੇ ਜਾਂਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਸ਼ਤਾਬਦੀ ਸਮਾਗਮ ਦੇ ਨਾਲ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 330 ਸਾਲ ਸ਼ਤਾਬਦੀ ਸਮਾਗਮਾਂ ਲਈ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਬ੍ਹ ਨੇ ਫਰਾਖ਼ ਦਿਲੀ ਨਾਲ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹਰ ਸਾਲ ‘ਵੀਰ ਬਾਲ ਦਿਵਸ’ ਮਨਾਉਣ ਲਈ ਦਿਨ ਮੁਕਰਰ ਕੀਤਾ। ਉਹਨਾਂ ਆਖਿਆ ਕਿ ਪਿਛਲੇ ਦਿਨੀ ਸ਼੍ਰੀ ਮੋਦੀ ਦੀ ਪਹਿਲ ’ਤੇ ਦਿੱਲੀ ਦੇ ਲਾਲ ਕਿਲੇ ’ਤੇ ਹੋਏ ਧਾਰਮਿਕ ਸਮਾਗਮ ਦੌਰਾਨ 400 ਕੀਤਰਨੀ ਜੱਥਿਆਂ ਨੇ ਇਕਸੁਰ ਹੋ ਕੇ ਸ਼ਬਦ ਕੀਰਤਨ ਦਾ ਜਾਪ ਕੀਤਾ। 
ਉਹਨਾਂ ਆਖਿਆ ਕਿ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਇਸ ਕਿਲੇ ਨੂੰ ਫਤਿਹ ਕੀਤਾ ਸੀ ਤੇ ਅੱਜ ਮੋਦੀ ਸਾਬ੍ਹ ਦੇ ਉੱਦਮਾਂ ਨਾਲ ਉੱਥੇ ਦੁਬਾਰਾ ਕੇਸਰੀ ਝੰਡਾ ਝੂਲਦਾ ਦੇਸ਼ ਦੀ ਅਵਾਮ ਨੇ ਆਪਣੇ ਅੱਖੀਂ ਦੇਖਿਆ। 
ਡਾ: ਹਰਜੋਤ ਕਮਲ ਨੇ ਦੋਸ਼ ਲਾਇਆ ਕਿ ਬਦਲਾਅ ਦੀ ਇੱਛਾ ਵਿਚ ਆਸ ਲਾਈ ਬੈਠੇ ਮੁਲਾਜ਼ਮ ਵਰਗ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਜਦਕਿ ਗਰੀਬ ਅਤੇ ਦਲਿੱਤਾਂ ਨੂੰ ਦਿੱਤੀਆਂ ਸਹੂਲਤਾਂ ਸੂਬਾ ਸਰਕਾਰ ਖੋਹ ਰਹੀ ਹੈ । ਉਹਨਾਂ ਕਿਹਾ ਕਿ ਕੇਜਰੀਵਾਲ ਦੀ ਗਰੰਟੀ ਦੇ ਬਾਵਜੂਦ ਨਿਤ ਦਿਨ ਨੌਜਵਾਨਾਂ ਅਤੇ ਖਿਡਾਰੀਆਂ ਦੇ ਕਤਲ ਹੋ ਰਹੇ ਹਨ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਅਤੇ ਮਾੜੀ ਆਰਥਿਕਤਾ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਕੇ ਇਸ ਦੁਨੀਆਂ ਤੋਂ ਕੂਚ ਕਰ ਰਹੇ ਹਨ। 
ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਨੇ ਆਖਿਆ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰਾਂ ਚਰਮਰਾ ਗਈ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਡਰ ਹੈ ਕਿ ਪੰਜਾਬ ਮੁੜ ਤੋਂ ਅੱਤਵਾਦ ਦ ਦੌਰ ਵਾਲੇ ਹਾਲਾਤਾਂ ਵਿਚ ਨਾ ਪਹੁੰਚ ਜਾਵੇ। ਉਹਨਾਂ ਆਖਿਆ ਕਿ ਭਗਵੰਤ ਮਾਨ ਨੇ ਪੰਜਾਬ ਨੂੰ ਕੇਜਰੀਵਾਲ ਕੋਲ ਸੌਂਪ ਦਿੱਤਾ ਹੈ ਅਤੇ ਹੁਣ ਪੰਜਾਬ ਦੀ ਵਾਗਡੋਰ ਕੇਜਰੀਵਾਲ ਦੇ ਹੱਥਾਂ ਵਿਚ ਹੈ ਜੋ ਪੰਜਾਬ ਨਾਲ ਸਰਾਸਰ ਧੋਖਾ ਹੈ। 
ਅੱਜ ਦੇ ਧਰਨੇ ਦੌਰਾਨ ਡਾ: ਸੀਮਾਂਤ ਗਰਗ, ਬੋਹੜ ਸਿੰਘ ਮਹਾਂਮੰਤਰੀ,ਤਿਰਲੋਚਨ ਸਿੰਘ ਗਿੱਲ, ਦੇਵਪਿ੍ਰਆ ਤਿਆਗੀ, ਜਗਤਾਰ ਸਿੰਘ ਰਾਜੇਆਣਾ , ਲੀਨਾ ਗੋਇਲ ਪ੍ਰਧਾਨ, ਰਾਕੇਸ਼ ਭੱਲਾ , ਰਵੀ ਗਰੇਵਾਲ,ਸਰਪੰਚ ਗੁਰਤੇਜ ਖੁਖਰਾਣਾ ਸਰਪੰਚ ਲਖਵੰਤ ਸਿੰਘ, ਸਰਪੰਚ ਹਰਨੇਕ ਮੋਠਾਂਵਾਲੀ, ਸਰਪੰਚ ਅਮਰਜੀਤ ਥੰਮਣ, ਸਰਪੰਚ ਮੇਜਰ ਸਿੰਘ ਕੋਟ ਭਾਊ, ਸਰਪੰਚ ਮਨਿੰਦਰ ਕੌਰ ਸਲ੍ਹੀਣਾ, ਕੌਂਸਲਰ ਕੁਲਵਿੰਦਰ ਕੌਰ, ਕਮਲਜੀਤ ਕੌਰ, ਨਿੱਧੜਕ ਬਰਾੜ, ਰਾਕੇਸ਼ , ਵਿੱਕੀ ਸਿਤਾਰਾ, ਸੋਨੀ ਮੰਗਲਾ, ਰਾਮ ਸਰੂਪ ਮੱਦੋਕੇ, ਸਤਨਾਮ ਸਿੰਘ, ਰਾਕੇਸ਼ ਸ਼ਰਮਾ, ਅਨਿਲ ਬਾਂਸਲ,ਵਰੁਣ ਭੱਲਾ,ਤੇਜਵੀਰ ਸਿੰਘ, ਰਾਜਪਾਲ ਸ਼ਰਮਾ, ਕਰਮਵੀਰ ਸਿੰਘ, ਸ਼ਬਨਮ ਮੰਗਲਾ, ਸ਼ਿਲਪਾ ਬਾਂਸਲ, ਸੁਮਨ ਮਲਹੌਤਰਾ, ਪ੍ਰੋਮਿਲਾ ਮੈਨਰਾਏ, ਭਗਵੰਤ ਸਿੰਘ ਸਰਪੰਚ, ਰਾਓ ਵਰਿੰਦਰ ਪੱਬੀ ਸੋਮਨਾਥ ਬਾਂਸਲ,ਪਵਨ ਬੰਟੀ, ਲਾਲ ਸਮਾਲਸਰ, ਹੰਸ ਰਾਜ, ਨੱਥਾ ਸਿੰਘ, ਗੁਰਮੇਲ ਸਿੰਘ ਸਰਾਂ,ਗੁਰਮਿੰਦਰਜੀਤ ਬਬਲੂ, ਗੁਰਸੇਵਕ ਸਿੰਘ ਸਮਰਾਟ ਅਤੇ ਮੋਗਾ ਸ਼ਹਿਰ ਦੇ ਨਾਲ ਨਾਲ ਪਿੰਡਾਂ ਤੋਂ ਵੀ ਭਾਜਪਾ ਵਰਕਰ ਸ਼ਾਮਲ ਹੋਏ।