ਬਿਜਲੀ ਬਿੱਲਾਂ ਨੂੰ ਲੈ ਕੇ ਕੀਤੇ ਐਲਾਨਾਂ ਨਾਲ ਆਮ ਆਦਮੀ ਪਾਰਟੀ ਦਾ ਵਰਗ ਵੰਡ ਕਰਨ ਵਾਲਾ ਚਿਹਰਾ ਹੋਇਆ ਨਸ਼ਰ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ

ਮੋਗਾ, 17 ਅਪਰੈਲ (ਜਸ਼ਨ): ‘ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਬਿਜਲੀ ਬਿੱਲਾਂ ‘ਚ 300 ਯੂਨਿਟ ਤੱਕ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਕੀਤੇ ਵਾਅਦੇ ਦੇ ਉੱਲਟ ਸੂਬੇ ਦੇ ਲੋਕਾਂ ਦੀ ਵਰਗ ਵੰਡ ਕਰਕੇ ਬਿਜਲੀ ਬਿੱਲ ਦੀਆਂ ਵੱਖ ਵੱਖ ਸਲੈਬਾਂ ਬਣਾ ਦਿੱਤੀਆਂ ਹਨ ਜਿਸ ਤਹਿਤ ਜਰਨਲ ਵਰਗ ਦੇ ਲੋਕਾਂ ਦੇ ਘਰਾਂ ਵਿਚ ਜੇਕਰ ਕਿਸੇ ਦਾ ਦੋ ਮਹੀਨਿਆਂ ਵਿਚ  600 ਯੂਨਿਟ ਤੋਂ ਵੱਧ ਖਪਤ ਹੰੁਦੀ ਹੈ ਤਾਂ ਉਹਨਾਂ ਨੂੰ ਸਾਰਾ ਬਿੱਲ ਭਰਨਾ ਪਵੇਗਾ, ਦਾ ਫੈਸਲਾ ਸਰਾਰਸਰ ਸੂਬੇ ਦੇ ਲੋਕਾਂ ਨਾਲ ਵਾਅਦਾ ਖਿਲਾਫ਼ੀ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਗਰੰਟੀ ਦਿੱਤੀ ਸੀ ਕਿ ਉਹਨਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁੱਫਤ ਦਿੱਤੀ ਜਾਵੇਗੀ ਪਰ ਹੁਣ ਜਦੋਂ ‘ਆਪ’ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਗਈ ਹੈ ਤਾਂ ਉਸ ਨੇ ਬਿਜਲੀ ਬਿੱਲਾਂ ਨੂੰ ਲੈ ਕੇ ਆਪਣੇ ਬੋਲਾਂ ਨੂੰ ਪੁਗਾਉਣ ਦੀ ਜਗਹ ਸੂਬੇ ਦੇ ਜਨਰਲ ਵਰਗ ਦੇ ਲੋਕਾਂ ਨੂੰ ਦੋ ਮਹੀਨਿਆਂ ਦੇ 600 ਯੂਨਿਟ ਤੋਂ ਇਕ ਵੀ ਯੂਨਿਟ ਵੱਧ ਖਪਤ ’ਤੇ ਸਾਰਾ ਬਿੱਲ ਤਾਰਨ ਦਾ ਐਲਾਨ ਕਰਨ ਨਾਲ ਸੂਬੇ ਦਾ ਜਨਰਲ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਜੇ ਵੋਟਾਂ ਲੈਣ ਤੋਂ ਪਹਿਲਾ ਇਹ ਗੱਲ ਸਾਫ਼ ਕੀਤੀ ਹੁੰਦੀ ਕਿ ਐੱਸ ਸੀ , ਬੀ ਸੀ ਜਾਂ ਓ ਬੀ ਸੀ ਨੂੰ ਹੀ ਬਿਜਲੀ ਬਿੱਲ ਮੁਆਫ਼ ਹੋਣੇ ਹਨ ਤਾਂ ਚੋਣਾਂ ਦੇ ਨਤੀਜੇ ਵਖ਼ਰੇ ਹੋਣੇ ਸਨ । ਉਹਨਾਂ ਆਖਿਆ ਕਿ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੋਟਾਂ ਤੋਂ ਪਹਿਲਾਂ ਆਮ ਲੋਕਾਂ ਨੂੰ ਭਰਮਾਉਣ ਲਈ ਹੋਰ ਵੀ ਕਈ ਅਜਿਹੇ ਵਾਅਦੇ ਕੀਤੇ ਸਨ ਜਿਹਨਾਂ ਦਾ ਪੂਰਾ ਹੋਣਾ ਨਾ ਮੁੰਮਕਿਨ ਹੈ । ਡਾ: ਹਰਜੋਤ ਕਮਲ ਨੇ ਆਖਿਆ ਕਿ ਲੋਕਾਂ ਨੇ ‘ਆਪ’ ਦੀ ਇਸ ਕਰਕੇ ਸਰਕਾਰ ਨਹੀਂ ਬਣਾਈ ਕਿ ਉਹ ਲੋਕਾਂ ਵਿੱਚ ਫਰਕ ਕਰਨ ਬਲਕਿ ਲੋਕਾਂ ਨੇ ਤਾਂ ਇਹ ਸੋਚ ਕੇ ਵੋਟਾਂ ਪਾਈਆਂ ਸਨ ਕਿ ਸਭਨਾਂ ਨੂੰ ਇਕ ਬਰਾਬਰ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਆਮ ਆਦਮੀ ਪਾਰਟੀ ਨੇ ਲੋਕਾਂ ਵਿੱਚ ਫਰਕ ਪਵਾਉਣ ਵਾਲੀ ਸਕੀਮ ਖੇਡੀ ਹੈ ਜਿਸ ਨੂੰ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।  ਸਾਬਕਾ ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰੇਗੀ ਪਰ ਹੁਣ ਗਰੰਟੀਆਂ ਨੂੰ ਅਮਲੀ ਜਾਮਾਂ ਦੇਣ ਮੌਕੇ ਲੋਕਾਂ ਦਾ ਵਿਸ਼ਵਾਸ਼ ਤੋੜ ਰਹੇ ਹਨ । ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਯਾਦ ਰੱਖੇ ਜੇਕਰ ਉਹਨਾਂ ਆਪਣੇ ਕੀਤੇ ਵਾਅਦਿਆਂ ਨੂੰ ਇੰਨ ਬਿੰਨ ਪੂਰਾ ਨਾ ਕੀਤਾ ਤਾਂ ਲੋਕਾਂ ਨੇ ਵੀ ਮੂੰਹ ਫੇਰਨ ਲੱਗਿਆ ਮਿੰਟ ਇਕ ਲਾਉਣਾ । 
ਕੈਪਸ਼ਨ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ