‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨੇ ਕਣਕ ਦੀ ਖਰੀਦ ਲਈ ਨਿਯਮਾਂ ਵਿਚ ਛੋਟ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ: ਸਾਬਕਾ ਵਿਧਾਇਕ ਡਾ: ਹਰਜੋਤ ਕਮਲ

ਮੋਗਾ, 16 ਅਪਰੈਲ (ਜਸ਼ਨ): ‘ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਨੇ ਗਰਮੀ ਕਾਰਨ ਕਣਕ ਦੀ ਪ੍ਰਭਾਵਿਤ ਹੋਈ ਜਿਣਸ ਦੀ ਖਰੀਦ ਲਈ ਨਿਯਮਾਂ ਵਿਚ ਛੋਟ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ’। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ 1 ਅਪਰੈਲ ਤੋਂ ਆਰੰਭ ਹੋਈ ਕਣਕ ਦੀ ਖਰੀਦ ਦੌਰਾਨ ਦੇਖਣ ਵਿਚ ਆਇਆ ਸੀ ਕਿ ਮੌਸਮ ਦੀ ਬਦਲੇ ਮਿਜਾਜ਼ ਕਾਰਨ ਉੱਚ ਤਾਪਮਾਨ ਨੇ ਕਣਕ ਦੀ ਫਸਲ ਨੂੰ ਪ੍ਰਭਾਵਿਤ ਕੀਤਾ ਅਤੇ ਨਾ ਸਿਰਫ਼ ਕਣਕ ਦੇ ਦਾਣੇ ਸੁੰਗੜ ਕੇ ਮੜੱਕ ਗਏ ਬਲਕਿ ਕਣਕ ਦਾ ਝਾੜ ਵੀ ਘੱਟ ਗਿਆ। ਇਸੇ ਦੌਰਾਨ ਖਰੀਦ ਏਜੰਸੀਆਂ ਨੇ ਅਜਿਹੀ ਜਿਣਸ ਨੂੰ ਖਰੀਦ ਮਾਪਦੰਡਾਂ ’ਤੇ ਪੂਰਾ ਨਾ ਉਤਰਨ ਕਰਕੇ ਖਰੀਦਣ ਤੋਂ ਹੱਥ ਪਿੱਛੇ ਖਿੱਚ ਲਏ ਸਨ ਜਿਸ ਕਰਕੇ ਕਿਸਾਨ ਕਈ ਦਿਨਾਂ ਤੋਂ ਪਰੇਸ਼ਾਨੀ ਦੇ ਆਲਮ ਵਿਚ ਸਨ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਪਿੱਠ ’ਤੇ ਖੜਦਿਆਂ ਕੇਂਦਰੀ ਟੀਮਾਂ ਨੂੰ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿਚ ਭੇਜਿਆ ਤਾਂ ਕਿ ਕਣਕ ਦੀ ਜਿਣਸ ’ਤੇ ਮੌਸਮ ਦੇ ਪ੍ਰਭਾਵ ਦਾ ਜਾਇਜ਼ਾ ਲਿਆ ਜਾ ਸਕੇ ਤੇ ਇਹਨਾਂ ਟੀਮਾਂ ਵੱਲੋਂ ਦਿੱਤੀਆਂ ਰਿਪੋਰਟਾਂ ਦੇ ਆਧਾਰ ’ਤੇ ਅੱਜ ਕੇਂਦਰ ਸਰਕਾਰ ਨੇ ਦੇਰ ਸ਼ਾਮ ਕਿਸਾਨਾਂ ਦੇ ਹਿਤਾਂ ਵਿਚ ਫੈਸਲਾ ਲੈਂਦਿਆਂ 6 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਿਤ ਜਿਣਸ ਨੂੰ ਵੀ ਖਰੀਦਣ ਦਾ ਫੈਸਲਾ ਲਿਆ ਹੈ ਤੇ ਇੰਜ ਕਿਸਾਨਾਂ ਦੇ ਮਨਾਂ ਤੋਂ ਮਣਾਂਮੂੰਹੀ ਬੋਝ ਖਤਮ ਹੋ ਗਿਆ ਹੈ ਅਤੇ ਕਣਕ ਦਾ ਹਰ ਦਾਣਾ ਦਾਣਾ ਖਰੀਦ ਏਜੰਸੀਆਂ ਵੱਲੋਂ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਦੇ ਘਰਾਂ ਵਿਚ ਖੁਸ਼ੀਆਂ ਦੀ ਆਮਦ ਹੋਵੇਗੀ। ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਕਿਸਾਨਾਂ ਦੀ ਇਸ ਔਖੇ ਸਮੇਂ ਬਾਂਹ ਫੜ੍ਹਨ ਲਈ ਪੰਜਾਬੀ ਹਮੇਸ਼ਾ ਰਿਣੀ ਰਹਿਣਗੇ।