ਹੁਣ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ ਸੇਵਾ ਕੇਂਦਰ, ਦੋ ਸ਼ਿਫਟਾਂ ‘ਚ 50 ਫੀਸਦੀ ਸਮਰੱਥਾ ਦੇ ਨਾਲ ਹੋਵੇਗਾ ਕੰਮ

ਮੋਗਾ, 6 ਅਪ੍ਰੈਲ (ਜਸ਼ਨ) -ਸਮੁੱਚੇ ਪੰਜਾਬ ਵਿਚ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਾਰੇ ਸੇਵਾ ਕੇਂਦਰਾਂ ਦੀ ਸਮਾਂ ਸਾਰਣੀ ‘ਚ ਤਬਦੀਲੀ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਵੱਖ ਵੱਖ ਤਰਾਂ ਦੀਆਂ ਸੇਵਾਵਾਂ ਲਈ ਖੱਜਲ ਖੁਆਰ ਨਾ ਹੋਣਾ ਪਵੇ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਮੋਗਾ ਦਾ ਸੇਵਾ ਕੇਂਦਰ ਦੋ ਸ਼ਿਫਟਾਂ ਵਿਚ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ । ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਤੋਂ 7 ਮਈ ਤੱਕ ਸੇਵਾ ਕੇਂਦਰ ਦਾ ਸਮਾਂ ਬਦਲ ਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਲੋਕ ਹੁਣ ਨਵੇਂ ਹੁਕਮਾਂ ਤਹਿਤ ਪੂਰਾ ਹਫ਼ਤਾ ਸੇਵਾ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਸਮਾਂ ਸਾਰਣੀ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਕ ਸ਼ਿਫ਼ਟ ਵਿਚ 50 ਫ਼ੀਸਦੀ ਸਟਾਫ਼ ਦੀ ਸਮਰੱਥਾ ਨਾਲ ਕੰਮ ਕਰੇਗਾ ਜਦ ਕਿ ਬਾਕੀ ਦਾ 50 ਫ਼ੀਸਦੀ ਸਟਾਫ਼ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੂਜੀ ਸ਼ਿਫਟ ਵਿਚ ਕੰਮ ਕਰੇਗਾ। ਇਸੇ ਤਰਾਂ ਸਨਿਚਰਵਾਰ ਅਤੇ ਐਤਵਾਰ ਨੂੰ ਇਕ ਹੀ ਸ਼ਿਫਟ ਤਹਿਤ 50 ਫ਼ੀਸਦੀ ਕਰਮਚਾਰੀਆਂ ਦੀ ਸਮਰੱਥਾ ਨਾਲ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾ ਕੇਂਦਰ ਖੁਲ੍ਹੇ ਰਹਿਣਗੇ । ਜ਼ਿਕਰਯੋਗ ਹੈ ਕਿ ਮੋਗਾ ਦੇ ਸੇਵਾ ਕੇਂਦਰ ਵਿਚ ਰੋਜ਼ਾਨਾ 1200 ਦੇ ਕਰੀਬ ਲੋਕ ਆ ਕੇ ਵੱਖ ਵੱਖ ਤਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਦੇ ਹਨ ।