ਜ਼ਮੀਨੀ ਵਿਵਾਦ ਨੂੰ ਲੈਕੇ ਚੱਲੀਆਂ ਗੋਲੀਆਂ,ਚਾਰ ਕਿਸਾਨਾਂ ਦੀ ਮੌਤ,ਮਿਰਤਕਾਂ 'ਚ ਕਾਂਗਰਸੀ ਸਰਪੰਚ ਦਾ ਪਤੀ ਵੀ ਸ਼ਾਮਿਲ

Tags: 

ਗੁਰਦਾਸਪੁਰ ,4 ਅਪ੍ਰੈਲ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :ਜ਼ਮੀਨੀ ਵਿਵਾਦ ਨੂੰ ਲੈਕੇ ਗੁਰਦਾਸਪੁਰ ਜਿਲੇ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁਲੜਾ ਵਿੱਚ ਦੋ ਧਿਰਾਂ ਵਿੱਚ ਚੱਲੀਆਂ ਗੋਲੀਆਂ ਵਿੱਚ ਚਾਰ ਕਿਸਾਨਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਜਦ ਕਿ  ਮੌਕੇ ਤੇ ਪੁਹੰਚੀ ਪੁਲਿਸ ਵਲੋਂ ਜਾਂਚ ਆਰੰਭ ਦਿੱਤੀ ਗਈ ਹੈ। ਹਸਪਤਾਲ ਵਿਚ ਮਿਰਤਕਾਂ ਦੀਆਂ ਲਾਸ਼ਾਂ ਤੱਕ ਕੇ ਉਹਨਾਂ ਦੇ ਬਜ਼ੁਰਗ ਮਾਪਿਆਂ ਅਤੇ ਪਰਿਵਾਰਿਕ ਮੈਂਬਰਾਂ ਦੀਆਂ ਧਾਹਾਂ ਸੁਣ ਕੇ, ਹਰ ਵਿਅਕਤੀ ਗ਼ਮਗੀਨ ਨਜ਼ਰ ਆ ਰਿਹਾ ਸੀ। ਜਾਣਕਾਰੀ ਮੁਤਾਬਿਕ ਪਿੰਡ ਫੁਲੜਾ ਦੇ  ਰਹਿਣ ਵਾਲੇ ਸੁਖਰਾਜ ਸਿੰਘ ਆਪਣੇ ਦੋ ਸਾਥੀਆਂ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਸਮੇਤ ਬਿਆਸ ਕੰਢੇ ਲਗਦੀ ਆਪਣੀ ਜਮੀਨ ਵਿੱਚ ਦੇਖ ਰੇਖ ਲਈ ਗਿਆ ਸੀ ਪਰ ਇਸੇ ਦੌਰਾਨ  ਬਿਆਸ ਦਰਿਆ ਦੇ ਪਾਰ ਤੋਂ ਨਿਰਮਲ ਸਿੰਘ ਆਪਣੇ ਕੁਝ ਸਾਥੀਆਂ ਨਾਲ ਗੱਡੀਆਂ ਤੇ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਅਤੇ ਦੋਨਾਂ ਪਾਸਿਓ ਫਾਇਰਿੰਗ ਹੋਈ, ਜਿਸ ਵਿੱਚ ਸੁਖਰਾਜ ਸਿੰਘ ,ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ।ਫਿਲਹਾਲ ਇਸ ਸਾਰੀ ਘਟਨਾ ਨੂੰ ਲੈਕੇ ਪੁਲਿਸ ਤਫਤੀਸ਼ ਕਰ ਰਹੀ ਹੈ ਅਤੇ ਮੌਕੇ ਤੇ ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਪਹੁੰਚੇ ਹੋਏ ਹਨ ਜਿਹਨਾਂ ਕਿਹਾ ਕਿ ਪਿੰਡ ਫੁੱਲੜੇ ਨਾਲ ਸਬੰਧਤ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਦੂਜੀ ਧਿਰ ਜੋ ਕਿ ਦਸੂਹੇ ਦੀ ਹੈ ਉਹਨਾਂ  ਦੇ ਇਕ ਵਿਅਕਤੀ ਦੀ ਮੌਤ ਹੋਈ ਹੈ ਜਦਕਿ  ਇਕ ਜਖਮੀ ਹੈ।'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ  ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਮਾਰਿਆ  ਗਿਆ  ਸੁਖਰਾਜ ਸਿੰਘ, ਪਿੰਡ ਦੀ ਮਜੂਦਾ ਕਾਂਗਰਸੀ ਸਰਪੰਚ  ਲਵਜੀਤ ਕੌਰ ਦਾ ਪਤੀ ਸੀ।