ਅਣਪਛਾਤਿਆਂ ਨੇ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮੋਗਾ/ਬਾਘਾਪੁਰਾਣਾ, 3 ਅਪ੍ਰੈਲ (ਜਸ਼ਨ)-ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ ‘ਚ ਸ਼ਨੀਵਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਜਮਾਨਤ ’ਤੇ ਬਾਹਰ ਆਏ ਨੌਜਵਾਨ  ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ।
ਮਿ੍ਰਤਕ ਨੌਜਵਾਨ ਦੀ ਪਛਾਣ ਹਰਜੀਤ ਸਿੰਘ ਉਰਫ਼ ਪਿੰਟਾ ਵਜੋਂ ਹੋਈ ਹੈ । ਘਟਨਾ ਉਸ ਸਮੇਂ ਵਾਪਰੀ ਜਦੋਂ ਹਰਜੀਤ ਸਿੰਘ ਆਪਣੇ ਸਾਥੀ ਗੁਰਪ੍ਰੀਤ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਪਿੱਛਲੇ ਪਾਸਿਓਂ ਮੋਟਰਸਾਈਕਲ ’ਤੇ ਸਵਾਰ ਅਣਪਛਾਤਿਆਂ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਰੋਕ ਕੇ ਹਰਜੀਤ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।  ਗੋਲੀਆਂ ਲੱਗਣ ਨਾਲ ਹਰਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੁਰਪੀ੍ਰਤ ਸਿੰਘ ਜ਼ਖਮੀਂ ਹੋ ਗਿਆ। 
ਮੋਗਾ ਦੇ ਐੱਸ ਐੱਸ ਪੀ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਹਰਜੀਤ ਸਿੰਘ ਨੂੰ ਦੋ ਗੋਲੀਆਂ ਲੱਗੀਆਂ ਤੇ ਮੌਕੇ ’ਤੇ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਮਿ੍ਰਤਕ ਹਰਜੀਤ ਸਿੰਘ ’ਤੇ ਪਹਿਲਾਂ ਕਈ ਮਾਮਲੇ ਦਰਜ ਸਨ ਅਤੇ  ਹੁਣ ਉਹ ਜਮਾਨਤ ’ਤੇ ਰਿਹਾਅ ਹੋ ਕੇ ਘਰ ਹੀ ਰਹਿ ਰਿਹਾ ਸੀ ਪਰ ਪਿੰਡ ਵਾਸੀਆਂ ਮੁਤਾਬਕ ਉਸ ਦੀ ਆਪਣੇ ਇਲਾਕੇ ਦੇ ਕੁਝ ਲੋਕਾਂ ਨਾਲ ਰੰਜਿਸ਼ ਵੀ ਚੱਲ ਰਹੀ ਸੀ । 
ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਮਿ੍ਰਤਕ ਦੇ ਮਾਪਿਆਂ ਦੇ ਬਿਆਨਾਂ ’ਤੇ ਪਿੰਡ ਮਾੜੀ ਮੁਸਤਫ਼ਾ ਦੇ ਰਹਿਣ ਵਾਲੇ ਚਮਕੌਰ ਸਿੰਘ ਉਰਫ਼ ਬੇਅੰਤ ਅਤੇ ਹੋਰ ਅਣਪਛਾਤਿਆਂ ਖਿਲਾਫ਼ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਬਾਘਾਪੁਰਾਣਾ ਵਿਖੇ ਪਰਚਾ ਦਰਜ ਕਰ ਲਿਆ ਹੈ।