ਐਸ.ਐਸ.ਪੀ. ਮੋਗਾ ਵੱਲੋਂ ਮੈਡੀਕਲ ਐਸੋਸ਼ੀਏਸਨ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ, ਪਾਬੰਦੀਸ਼ੁਦਾ ਦਵਾਈਆਂ ਦੀ ਪੂਰਨ ਰੋਕਥਾਮ ਕਰਨ ਦੀ ਦਿੱਤੀ ਹਦਾਇਤ

ਮੋਗਾ  30 ਮਾਰਚ(ਜਸ਼ਨ):  ਸ਼੍ਰੀ ਚਰਨਜੀਤ ਸਿੰਘ ਸੋਹਲ , IPS ਐਸ.ਐਸ.ਪੀ ਮੋਗਾ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ, PPS ਐਸ.ਪੀ (ਇੰਨਵੈਸਟੀਗੇਸ਼ਨ) ਵੱਲੋ ਅੱਜ ਜਿਲ੍ਹਾ ਮੋਗਾ ਦੀ ਮੈਡੀਕਲ ਐਸੋਸ਼ੀਏਸਨ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਐਸੋਸ਼ੀਏਸ਼ਨ ਦੇ ਮੈਂਬਰਾਂ ਨੂੰ ਨਸ਼ੇ ਅਤੇ ਪਾਬੰਦੀਸ਼ੁਦਾ ਦਵਾਈਆਂ ਦੀ ਪੂਰਨ ਰੋਕਥਾਮ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਮਾਰ ਕਾਰਨ ਅੱਜ ਸਾਡੀ ਨੌਜਵਾਨ ਪੀੜੀ ਦਾ ਖਾਤਮਾ ਹੋ ਰਿਹਾ ਹੈ, ਨਸ਼ਾਖੋਰੀ ਬਾਰੇ ਸਭ ਤੋੱ ਵੱਧ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਅੱਜ ਹਰ ਇੱਕ ਨਸ਼ੇੜੀ ਵਿਅਕਤੀ ਵੱਖ-ਵੱਖ ਕਿਸਮ ਦੇ ਨਸ਼ੇ ਕਰਨ ਦਾ ਆਦੀ ਹੋ ਚੁੱਕਾ ਹੈ। ਉਸ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਇੱਕ ਜ਼ਹਿਰ ਹੈ ਜੋ ਕਿ ਉਸ ਦੇ ਸ਼ਰੀਰ ਨੂੰ ਹੌਲੀ-ਹੌਲੀ ਖਤਮ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਦਵਾਈਆਂ ਉਹ ਘਾਤਕ ਦਵਾਈਆਂ ਹਨ ਜੋ ਨਸ਼ੇੜੀਆਂ ਦੇ ਦਿਮਾਗ ਅਤੇ ਸਰੀਰਕ ਕੋਸ਼ਿਕਾਵਾ ਉਪਰ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੀਆਂ ਹਨ, ਜਿਸ ਕਾਰਨ ਨਸ਼ੇੜੀ ਨਸ਼ੀਲੀਆਂ ਦਵਾਈਆਂ ਉਪਰ ਬਹੁਤ ਹੀ ਜ਼ਿਆਦਾ ਨਿਰਭਰ ਕਰਦਾ ਹੈ ਅਤੇ ਉਹ ਇਸ ਨੂੰ ਵਰਤਣਾ ਬੰਦ ਨਹੀਂ ਕਰ ਸਕਦਾ ਹੁੰਦਾ। ਇਸ ਲਈ ਇਹਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਪੂਰਨ ਤੌਰ ਤੇ ਪਾਬੰਦੀ ਹੋਣੀ ਚਾਹੀਦੀ ਹੈ।  ਐਸ.ਐਸ.ਪੀ ਮੋਗਾ ਵੱਲੋ ਸਖਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਮੈਡੀਕਲ ਸਟੋਰ ਦੁਆਰਾ ਕਾਨੂੰਨ ਦੀ ਉਲੰਘਣਾ ਕਰਕੇ ਨਸ਼ੇ ਦੀ ਖਰੀਦ-ਵੇਚ ਕੀਤੀ ਤਾਂ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।