ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣਾ ਅਹੁਦਾ ਸੰਭਾਲਿਆ

ਚੰਡੀਗੜ, 22 ਮਾਰਚ (ਜਸ਼ਨ):ਪੰਜਾਬ ਦੇ ਨਵੇਂ ਬਣੇ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ, ਚੰਡੀਗੜ ਵਿਖੇ ਆਪਣਾ ਅਹੁਦਾ ਸੰਭਾਲ ਲਿਆ।ਉਨਾਂ ਆਪਣੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸੇਸ ਧੰਨਵਾਦ ਕੀਤਾ ਜਿਨਾਂ ਸੂਬੇ ਦੇ ਭਵਿੱਖ ਅਤੇ ਨੌਜਵਾਨੀ ਨਾਲ ਜੁੜੇ ਵਿਭਾਗਾਂ ਦੀ ਜਿੰਮੇਵਾਰੀ ਦਿੱਤੀ।ਉਨਾਂ ਕਿਹਾ ਕਿ ਪੰਜਾਬ ਨੂੰ ਸਿੱਖਿਆ ਖੇਤਰ ਵਿੱਚ ਬੁਲੰਦੀਆਂ ਉੱਤੇ ਲਿਜਾਣਾ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਹ ਆਪਣਾ ਪੂਰਾ ਜੀਅ ਜਾਨ ਲਾ ਦੇਣਗੇ।
 
ਸ੍ਰੀ ਮੀਤ ਹੇਅਰ ਦੇ ਅਹੁਦਾ ਸੰਭਾਲਣ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕਾਂ ਮਨਜੀਤ ਸਿੰਘ ਬਿਲਾਸਪੁਰ, ਡਾ. ਅਮਨਦੀਪ ਕੌਰ ਅਰੋੜਾ, ਅੰਮਿ੍ਰਤਪਾਲ ਸਿੰਘ ਸੁਖਾਨੰਦ,  ਦਵਿੰਦਰਜੀਤ ਸਿੰਘ ਲਾਡੀ ਢੋਸ , ਕੁਲਵੰਤ ਸਿੰਘ ਪੰਡੋਰੀ, ਬੁੱਧ ਰਾਮ, ਅਮਨ ਅਰੋੜਾ, ਲਾਭ ਸਿੰਘ ਉੱਗੋਕੇ, ਗੁਰਦਿੱਤ ਸਿੰਘ ਸੇਖੋਂ, ਕਰਮਬੀਰ ਸਿੰਘ, ਜਸਵੀਰ ਸਿੰਘ ਰਾਜਾ ਗਿੱਲ, ਮੁਹੰਮਦ ਜਮੀਲ ਉਰ ਰਹਿਮਾਨ, ਗੁਰਪ੍ਰੀਤ ਸਿੰਘ ਬਨਾਂਵਾਲੀ, ਜਗਦੀਪ ਕੰਬੋਜ ਗੋਲਡੀ, ਮਨਵਿੰਦਰ ਸਿੰਘ ਗਿਆਸਪੁਰਾ ਤੇ ਹਰਦੀਪ ਸਿੰਘ ਮੂੰਡੀਆ ਉਚੇਚੇ ਤੌਰ ਉੱਤੇ ਹਾਜਰ ਹੋਏ ਜਿਨਾਂ ਨਵੇਂ ਬਣੇ ਕੈਬਨਿਟ ਮੰਤਰੀ ਨੂੰ ਵਧਾਈ ਦਿੱਤੀ।
 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੀਤ ਹੇਅਰ ਨੇ ਸਿੱਖਿਆ ਸਾਡੀ ਸਰਕਾਰ ਦਾ ਤਰਜੀਹੀ ਵਿਸਾ ਹੋਵੇਗਾ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਇਨਕਲਾਬੀ ਸੁਧਾਰਾਂ ਨੂੰ ਆਧਾਰ ਬਣਾ ਕੇ ਪੰਜਾਬ ਵਿੱਚ ਚੋਣਾਂ ਲੜੀਆਂ ਗਈਆਂ ਅਤੇ ਦਿੱਲੀ ਵਾਲਾ ਸਿੱਖਿਆ ਮਾਡਲ ਪੰਜਾਬ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸਾਡੀ ਪਾਰਟੀ ਨੂੰ ਵੱਡਾ ਫਤਵਾ ਦੇ ਕੇ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ।ਉਨਾਂ ਕਿਹਾ ਕਿ ਸਿੱਖਿਆ ਬਜਟ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਸੂਬੇ ਵਿੱਚ ਬਿਹਤਰ ਸਿੱਖਿਆ ਢਾਂਚਾ ਖੜਾ ਕੀਤਾ ਜਾਵੇਗਾ।
 
ਨਵੇਂ ਖੇਡ ਮੰਤਰੀ ਸ੍ਰੀ ਮੀਤ ਹੇਅਰ ਵੱਲੋਂ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸਾਨ ਨੂੰ ਮੁੜ ਬਹਾਲ ਕਰਨ ਦਾ ਵੀ ਤਹੱਈਆ ਕੀਤਾ ਗਿਆ। ਉਨਾਂ ਕਿਹਾ ਕਿ ਕੋਈ ਵੇਲਾ ਸੀ ਜਦੋਂ ਏਸਿਆਈ/ਰਾਸਟਰਮੰਡਲ ਖੇਡਾਂ ਵਿੱਚ ਭਾਰਤ ਵੱਲੋਂ ਜਿੱਤੇ ਜਾਂਦੇ ਤਮਗਿਆਂ ਵਿੱਚੋਂ ਅੱਧ ਤੋਂ ਵੱਧ ਤਮਗੇ ਪੰਜਾਬ ਦੇ ਖਿਡਾਰੀਆਂ ਦੇ ਹਿੱਸੇ ਆਉਂਦੇ ਸਨ ਪਰ ਹੌਲੀ-ਹੌਲੀ ਪੰਜਾਬ ਦਾ ਯੋਗਦਾਨ ਘਟਦਾ ਰਿਹਾ।ਉਨਾਂ ਕਿਹਾ ਕਿ ਪੰਜਾਬ ਨੂੰ ਮੁੜ ਖੇਡਾਂ ਦੇ ਖੇਤਰ ਵਿੱਚ ਸਿਖਰ ਉੱਤੇ ਲਿਜਾਣ ਲਈ ਵਿਆਪਕ ਤੇ ਕਾਰਗਾਰ ਖੇਡ ਨੀਤੀ ਬਣਾਈ ਜਾਵੇਗੀ। ਪੰਜਾਬ ਦੀ ਨੌਜਵਾਨੀ ਵਿੱਚ ਅਥਾਹ ਸਮਰੱਥਾ ਹੈ ਅਤੇ ਸਿਰਫ ਲੋੜ ਹੈ ਕਿ ਇਸ ਨੂੰ ਸਹੀ ਲੀਹ ਉੱਤੇ ਪਾਉਣ ਅਤੇ ਮਾਰਗ ਦਰਸਨ ਕਰਨ ਦੀ।
ਇਸ ਉਪਰੰਤ ਕੈਬਨਿਟ ਮੰਤਰੀ ਸ੍ਰੀ ਮੀਤ ਹੇਅਰ ਨੇ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਉੱਚ ਅਫਸਰਾਂ ਨਾਲ ਮੁਲਾਕਾਤ ਕਰ ਕੇ ਤਿੰਨੇ ਵਿਭਾਗਾਂ ਦੀ ਜਾਣ-ਪਛਾਣ ਮੀਟਿੰਗ ਕੀਤੀ।ਵਿਭਾਗ ਦੇ ਕੰਮ-ਕਾਜ ਅਤੇ ਰੂਪ-ਰੇਖਾ ਉੱਤੇ ਵਿਚਾਰਾਂ ਕੀਤੀਆਂ।